ਇਟਲੀ 'ਚ ਦਰਦਨਾਕ ਹਾਦਸਾ, ਅੱਗ ਨਾਲ ਝੁਲਸਣ ਕਾਰਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ
Friday, Dec 25, 2020 - 08:04 AM (IST)
ਰੋਮ, (ਕੈਂਥ)- ਇਟਲੀ ਵਿਚ ਅਕਸਰ ਕੰਮ ਦੌਰਾਨ ਹਾਦਸਿਆਂ ‘ਚ ਭਾਰਤੀ ਨੌਜਵਾਨ ਅਣਹੋਣੀ ਦੇ ਸ਼ਿਕਾਰ ਹੋ ਰਹੇ ਹਨ ਜਿਸ ਨਾਲ ਕਈ ਮਾਂਵਾਂ ਦੀ ਗੋਦ ਉੱਜੜ ਜਾਂਦੀ ਹੈ ,ਕਈ ਸੁਹਾਗਣਾਂ ਵਿਧਵਾ ਹੋ ਜਾਂਦੀਆਂ ਹਨ ਤੇ ਕਈ ਬੱਚੇ ਯਤੀਮ ਹੋ ਜਾਂਦੇ ਹਨ । ਅਜਿਹੀ ਹੀ ਇਕ ਦਰਦਨਾਕ ਅਣਹੋਣੀ ਇਟਲੀ ਦੇ ਜ਼ਿਲ੍ਹਾ ਕਰੇਮਾਂ ਵਿਚ ਵਾਪਰੀ ਹੈ, ਜਿੱਥੇ ਕਿ ਸਨ ਜਾਰਜੀਓ ਦੇ ਡੇਅਰੀ ਫਾਰਮ ਵਿਚ ਇਕ ਭਾਰਤੀ ਨੌਜਵਾਨ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਇਟਾਲੀਅਨ ਮੀਡੀਆ ਵਿਚ ਨਸ਼ਰ ਹੋਈ ਖ਼ਬਰ ਅਨੁਸਾਰ ਇਹ ਨੌਜਵਾਨ ਅਜੇ ਇਕ ਦਿਨ ਪਹਿਲਾਂ ਹੀ ਕੰਮ 'ਤੇ ਆਇਆ ਸੀ ਅਤੇ ਮਾਲਕ ਕੋਲ ਰਿਹਾਇਸ਼ ਦਾ ਪ੍ਰਬੰਧ ਨਾ ਹੋਣ ਕਾਰਨ ਮਾਲਕ ਨੇ ਉਸ ਨੂੰ ਕੈਂਪਰ ਵਿਚ ਸੁਲਾ ਦਿੱਤਾ ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਬ੍ਰੈਗਜ਼ਿਟ ਟ੍ਰੇੇ਼ਡ ਡੀਲ 'ਤੇ ਬ੍ਰਿਟੇਨ ਤੇ ਯੂਰਪੀ ਸੰਘ ਵਿਚਕਾਰ ਬਣੀ ਸਹਿਮਤੀ
ਰਾਤ ਨੂੰ ਅਚਾਨਕ ਡੇਅਰੀ ਫਾਰਮ ਵਿਚ ਅੱਗ ਲੱਗਣ ਕਾਰਨ ਨੌਜਵਾਨ ਝੁਲਸ ਗਿਆ ਤੇ ਉਸ ਦੀ ਮੌਤ ਹੋ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਨੂੰ ਬੁਝਾਇਆ ਪਰ ਤਦ ਤਕ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਸੁਖਜਿੰਦਰ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੱਟੀਆਂ ਨਾਲ ਸੰਬਧਤ ਸੀ । ਬੁੱਢੇ ਮਾਪਿਆਂ ਦੇ ਸਹਾਰੇ ਇਕਲੌਤੇ ਪੁੱਤ ਨੂੰ ਇਟਲੀ ਆਏ ਹਾਲੇ 4 ਸਾਲ ਹੀ ਹੋਏ ਸਨ।