ਪੰਜਾਬੀ ਲੋਕ ਗਾਇਕ ਪੰਮੀ ਬਾਈ ਦਾ ਮੈਲਬੌਰਨ ਵਿੱਚ ਕੀਤਾ ਸਨਮਾਨ
Saturday, Sep 10, 2022 - 04:57 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ) - ਰਵਾਇਤੀ ਪਹਿਰਾਵੇ ਵਿੱਚ ਪੰਜਾਬੀ ਲੋਕ ਨਾਚਾਂ ਦੀਆਂ ਸ਼ਾਨਦਾਰ ਵੰਨਗੀਆਂ ਦੇ ਨਾਲ ਸਾਫ਼ ਸੁਥਰੀ ਗਾਇਕੀ ਗਾ ਕੇ ਪੰਜਾਬੀ ਗਾਇਕੀ ਵਿੱਚ ਆਪਣਾ ਨਾਮ ਮੂਹਰਲੀਆਂ ਸਫਾਂ ਵਿੱਚ ਦਰਜ ਕਰਾਉਣ ਵਾਲੇ ਪੰਮੀ ਬਾਈ ਦਾ ਬੀਤੇ ਦਿਨ ਮੈਲਬੌਰਨ ਵਿੱਚ 'ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ' ਵੱਲੋਂ ਮੋਮੈਂਟੋ ਅਤੇ ਦੁਸ਼ਾਲਾ ਦੇ ਕੇ ਸਨਮਾਨ ਕੀਤਾ ਗਿਆ।
ਪੰਜਾਬੀ ਲੋਕ ਗਾਇਕ ਇਨ੍ਹੀਂ ਦਿਨੀਂ ਆਪਣੇ ਨਿੱਜੀ ਦੌਰੇ 'ਤੇ ਆਸਟਰੇਲੀਆ ਪਹੁੰਚੇ ਹੋਏ ਹਨ। ਇਸ ਮਿਲਣੀ ਦੌਰਾਨ ਪੰਮੀ ਬਾਈ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਇਸ ਕਲਾ ਦੇ ਸਫ਼ਰ ਦੌਰਾਨ ਕਦੇ ਵੀ ਸਿਧਾਤਾਂ ਨਾਲ ਸਮਝੌਤਾ ਨਹੀਂ ਕੀਤਾ, ਨਾਂ ਤਾਂ ਰਵਾਇਤੀ ਪਹਿਰਾਵਾ ਛੱਡਿਆ ਤੇ ਨਾਂ ਹੀ ਨੀਵੇਂ ਪੱਧਰ ਦੀ ਗੀਤਕਾਰੀ ਜਾਂ ਗਾਇਕੀ ਅਪਣਾਈ ਜਿਸ ਕਰਕੇ ਅੱਜ ਉਹ ਲੋਕਾਂ ਤੋਂ ਏਨਾ ਪਿਆਰ ਪਾ ਰਹੇ ਹਨ, ਜਿਸਦਾ ਕੋਈ ਮੁੱਲ ਹੀ ਨਹੀਂ।
ਆਉਣ ਵਾਲੇ ਸਮੇਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਰਵਾਇਤੀ ਸਾਜ਼ਾਂ ਢੋਲ, ਸਾਰੰਗੀ, ਢੱਡ, ਅਲਗੋਜ਼ੇ ਆਦਿ ਨਾਲ ਸਰੋਸ਼ਾਰ ਨਵੀਂ ਵੰਨਗੀ ਲੈ ਕੇ ਹਾਜ਼ਰ ਹੋਣਗੇ, ਜਿਹੜੀ ਨਵੀਂਆਂ ਪੀੜ੍ਹੀਆਂ ਲਈ ਸਾਂਭਣਯੋਗ ਸੌਗ਼ਾਤ ਹੋਵੇਗੀ। ਉਨ੍ਹਾਂ ਅਲੋਪ ਹੋ ਰਹੇ ਪੰਜਾਬੀ ਰਵਾਇਤੀ ਪਹਿਰਾਵੇ, ਸਾਜ਼ਾਂ, ਮਿਆਰੀ ਗਾਇਕੀ, ਗੀਤਕਾਰੀ, ਊੜਾ ਅਤੇ ਜੂੜਾ ਬਾਰੇ ਚਿੰਤਾ ਪ੍ਰਗਟਾਈ। ਇਸ ਮੌਕੇ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਤੋਂ ਅਮਰਦੀਪ ਕੌਰ, ਖੁਸ਼ਪ੍ਰੀਤ ਸਿੰਘ ਸੁਨਾਮ ਅਤੇ ਸੁਖਜੀਤ ਸਿੰਘ ਔਲਖ ਹਾਜ਼ਰ ਸਨ।