ਕੈਨੇਡਾ 'ਚ ਬਜ਼ੁਰਗ ਪੰਜਾਬੀ ਨੂੰ ਲੱਗਾ 30 ਹਜ਼ਾਰ ਡਾਲਰ ਜੁਰਮਾਨਾ, ਜਾਣੋ ਪੂਰਾ ਮਾਮਲਾ
Wednesday, Sep 09, 2026 - 12:49 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਇਕ ਪੰਜਾਬੀ ਲੈਂਡਲੌਰਡ ਨੂੰ 2 ਕਿਰਾਏਦਾਰਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਅਦਾਲਤ ਨੇ ਜੇਲ੍ਹ ਭੇਜਣ ਦੀ ਬਜਾਏ 30 ਹਜ਼ਾਰ ਕੈਨੇਡੀਅਨ ਡਾਲਰ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ। ਓਨਟਾਰੀਓ ਦੇ ਕਿੰਗਸਟਨ ਸ਼ਹਿਰ ਵਿਚ ਸਾਢੇ ਤਿੰਨ ਸਾਲ ਪਹਿਲਾਂ ਵਾਪਰੇ ਹਾਦਸੇ ਮਗਰੋਂ ਸਿਟੀ ਨੇ ਪ੍ਰਿਥਵੀਪਾਲ ਦਦਿਆਲਾ ਨੂੰ 30 ਦਿਨ ਲਈ ਜੇਲ੍ਹ ਭੇਜਣ ਅਤੇ 15 ਹਜ਼ਾਰ ਕੈਨੇਡੀਅਨ ਡਾਲਰ ਜੁਰਮਾਨਾ ਕਰਨ ਦੀ ਮੰਗ ਕੀਤੀ ਸੀ। ਅਦਾਲਤ ਵਿਚ ਕੀਤੇ ਦਾਅਵੇ ਮੁਤਾਬਕ ਪ੍ਰਿਥਵੀਪਾਲ ਦਦਿਆਲਾ ਨੇ ਫਾਇਰ ਕੋਡ ਦੀਆਂ ਸ਼ਰਤਾਂ ਪੂਰੀਆਂ ਨਾ ਕੀਤੀਆਂ, ਜਿਸ ਦੇ ਸਿੱਟੇ ਵਜੋਂ ਮਾਰਚ 2023 ਵਿਚ ਘਰ ਨੂੰ ਅੱਗ ਲੱਗਣ ਕਰ ਕੇ ਦੋ ਜਣਿਆਂ ਦੀ ਜਾਨ ਚਲੀ ਗਈ।
ਮੁਢਲੇ ਤੌਰ ’ਤੇ ਪ੍ਰਿਥਵੀਪਾਲ ਦਦਿਆਲਾ ਵਿਰੁੱਧ 9 ਦੋਸ਼ ਆਇਦ ਕੀਤੇ ਗਏ ਪਰ ਤਿੰਨ ਦੋਸ਼ ਕਬੂਲ ਕਰਨ ਮਗਰੋਂ 6 ਦੋਸ਼ ਹਟਾ ਦਿਤੇ ਗਏ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਦੋਂ ਅੱਗ ਲੱਗੀ ਉਦੋਂ ਘਰ ਅੰਦਰ ਅੱਠ ਜਣੇ ਮੌਜੂਦ ਸਨ। 35 ਸਾਲ ਦੀ ਬੌਨੀ ਡੈਮਿਲ ਅਤੇ 34 ਸਾਲਾ ਐਡਮ ਕ੍ਰੋਲੀ ਦੂਜੀ ਮੰਜ਼ਿਲ ’ਤੇ ਸਨ ਅਤੇ ਦੋਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਾ ਮਿਲ ਸਕਿਆ। ਬੌਨੀ ਦੀ ਮਾਂ ਨੇ ਅਦਾਲਤ ਨੂੰ ਦੱਸਿਆ ਕਿ ਅੱਗ ਲੱਗਣ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਨੇ ਆਪਣੀ ਧੀ ਨਾਲ ਫੋਨ ’ਤੇ ਗੱਲ ਕੀਤੀ ਸੀ। ਤਿੰਨ ਸਾਲ ਲੰਘਣ ਮਗਰੋਂ ਉਹ ਅੱਜ ਵੀ ਆਪਣੀ ਬੇਟੀ ਦਾ ਫੋਨ ਨੰਬਰ ਮਿਲਾਉਣ ਲਗਦੀ ਹੈ ਅਤੇ ਫਿਰ ਅਚਾਨਕ ਅਹਿਸਾਸ ਹੁੰਦਾ ਹੈ ਕਿ ਫੋਨ ਕਾਲ ਦਾ ਕਿਸੇ ਨੇ ਜਵਾਬ ਨਹੀਂ ਦੇਣਾ। ਬੌਨੀ ਦੀ ਭੈਣ ਮੈਲਿਜ਼ਾ ਨੇ ਕਿਹਾ ਕਿ ਉਹ ਪਿਛਲੇ ਸਾਢੇ ਤਿੰਨ ਸਾਲ ਤੋਂ ਆਪਣੀ ਭੈਣ ਦੇ ਵਿਛੋੜੇ ਦਾ ਦੁਖ ਝੱਲ ਰਹੀ ਹੈ ਅਤੇ ਹਮੇਸ਼ਾ ਮਨ ਵਿਚ ਇਹੋ ਖ਼ਿਆਲ ਆਉਂਦਾ ਹੈ ਕਿ ਜੇ ਘਰ ਵਿਚ ਅੱਗ ਤੋਂ ਬਚਾਅ ਦੇ ਪ੍ਰਬੰਧ ਹੁੰਦੇ ਤਾਂ ਬੌਨੀ ਅੱਜ ਜਿਊਂਦੀ ਹੁੰਦੀ। ਉਧਰ ਸਿਟੀ ਦੇ ਵਕੀਲ ਨੇ ਕਿਹਾ ਕਿ ਭਾਵੇਂ ਪ੍ਰਿਥਵੀਪਾਲ ਦਦਿਆਲਾ ਵਿਰੁੱਧ ਕਿਸੇ ਨੂੰ ਜਾਣ-ਬੁੱਝ ਕੇ ਨੁਕਸਾਨ ਪਹੁੰਚਾਉਣ ਦਾ ਕੋਈ ਦੋਸ਼ ਨਹੀਂ ਪਰ ਘਰ ਦੀ ਹਾਲਤ ਅਤੇ ਫਾਇਰ ਕੋਡ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਦਦਿਆਲਾ ਦੀ ਬਣਦੀ ਸੀ।
ਪੜ੍ਹੋ ਇਹ ਅਹਿਮ ਖ਼ਬਰ- US ਨੇ ਵੀਜ਼ਾ ਧੋਖਾਧੜੀ 'ਤੇ ਕੱਸਿਆ ਸ਼ਿੰਕਜ਼ਾ ! ਭਾਰਤੀ ਕੰਪਨੀ Cognizant ਦੀ ਗ੍ਰੀਨ ਕਾਰਡ ਫਾਈਲਿੰਗ 'ਤੇ ਲਾਈ ਰੋਕ
ਲੈਂਡਲੌਰਡ ਪ੍ਰਿਥਵੀਪਾਲ ਨੇ ਆਪਣੀ ਅਣਗਹਿਲੀ ਨੂੰ ਪ੍ਰਵਾਨ ਕੀਤਾ ਹੈ। ਦੂਜੇ ਪਾਸੇ ਕਿਰਾਏਦਾਰਾਂ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ ਕਿਉਂਕਿ ਉਨ੍ਹਾਂ ਕੋਲ ਰਹਿਣ ਲਈ ਕੋਈ ਹੋਰ ਢੁਕਵੀਂ ਜਗ੍ਹਾ ਨਹੀਂ ਸੀ। ਬਚਾਅ ਪੱਖ ਦੇ ਵਕੀਲ ਮੈਟ ਹੌਜਸਨ ਨੇ ਕਿਹਾ ਕਿ ਸਿਟੀ ਦੇ ਬਿਲਡਿੰਗ ਡਿਪਾਰਟਮੈਂਟ ਦੀਆਂ ਹਦਾਇਤਾਂ ਮੁਤਬਕ ਹਰ ਕਮੀ ਦੂਰ ਕੀਤੀ ਜਾ ਰਹੀ ਹੈ ਅਤੇ ਪ੍ਰਿਥਵੀਪਾਲ ਦਦਿਆਲਾ ਆਪਣੀਆਂ ਹੋਰਨਾਂ ਪ੍ਰੌਪਰਟੀਜ਼ ਵਿਚ ਸੁਧਾਰ ਲਈ 3 ਲੱਖ ਡਾਲਰ ਖ਼ਰਚ ਕਰ ਚੁੱਕੇ ਹਨ। ਹੌਜਸਨ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੁਵੱਕਲ ਦੀ ਉਮਰ 78 ਸਾਲ ਹੋ ਚੁੱਕੀ ਹੈ ਅਤੇ ਅਜਿਹੇ ਵਿਚ ਜੇਲ੍ਹ ਭੇਜੇ ਜਾਣ ਦਾ ਕੋਈ ਤੁਕ ਨਹੀਂ ਬਣਦਾ। ਹੌਜਸਨ ਨੇ ਕਿਰਾਏਦਾਰਾਂ ਵੱਲੋਂ ਲਿਖੀਆਂ ਚਿੱਠੀਆਂ ਅਦਾਲਤ ਵਿਚ ਪੇਸ਼ ਕੀਤੀਆਂ, ਜਿਨ੍ਹਾਂ ਵਿਚ ਪ੍ਰਿਥਵੀਪਾਲ ਦਦਿਆਲਾ ਨੂੰ ਲੋਕਾਂ ਦਾ ਮਦਦਗਾਰ ਦਰਸਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
