ਪੰਜਾਬੀ ਪਰਿਵਾਰ ਨੇ ਰਚਿਆ ਹਥਿਆਰਬੰਦ ਡਕੈਤੀ ਦਾ ਡਰਾਮਾ, ਹੁਣ ਭੁਗਤਣਾ ਪਏਗਾ ਨਤੀਜਾ

Tuesday, Apr 01, 2025 - 10:35 PM (IST)

ਪੰਜਾਬੀ ਪਰਿਵਾਰ ਨੇ ਰਚਿਆ ਹਥਿਆਰਬੰਦ ਡਕੈਤੀ ਦਾ ਡਰਾਮਾ, ਹੁਣ ਭੁਗਤਣਾ ਪਏਗਾ ਨਤੀਜਾ

ਲੰਡਨ (ਸਰਬਜੀਤ ਸਿੰਘ ਬਨੂੜ) : ਲੰਡਨ ਦੇ ਹੰਸਲੋ ਬਾਰੋ 'ਚ ਆਪਣੇ ਡਾਕਘਰ ਵਿੱਚ ਹਥਿਆਰਬੰਦ ਡਕੈਤੀ ਦਾ ਡਰਾਮਾ ਕਰਨ ਵਾਲੇ ਪੰਜਾਬੀ ਪਰਿਵਾਰ 'ਤੇ ਦੋਸ਼ ਤੈਅ ਹੋਣ 'ਤੇ ਅਦਾਲਤ ਵੱਲੋਂ 6 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ। ਹੰਸਲੋ ਦੇ ਮਸ਼ਹੂਰ ਪੰਜਾਬੀ ਪਰਿਵਾਰ ਨੂੰ ਆਪਣੇ ਹੀ ਡਾਕਘਰ ਵਿੱਚ £136,000 (ਤਕਰੀਬਨ ਡੇਢ ਕਰੋੜ ਰੁਪਏ) ਹਥਿਆਰਬੰਦ ਡਾਕੇ ਦਾ ਡਰਾਮਾ ਕਰਨ ਵਾਲੇ ਗ੍ਰੇਟ ਵੈਸਟ ਰੋਡ, ਹੰਸਲੋ ਦੇ 41 ਸਾਲਾ ਰਾਜਵਿੰਦਰ ਕਾਹਲੋਂ, 38 ਸਾਲਾ ਸੁਖਵੀਰ ਢਿੱਲੋਂ, 40 ਸਾਲਾ ਰਮਨਦੀਪ ਢਿੱਲੋਂ, 67 ਸਾਲਾ ਸੁਨਾਵਰ ਢਿੱਲੋਂ, ਸਾਰੇ ਲਾਇਨ ਰੋਡ, ਵਰਜੀਨੀਆ ਵਾਟਰ ਦੇ ਰਹਿਣ ਵਾਲਿਆਂ ਨੂੰ ਆਈਲਵਰਥ ਕਰਾਊਨ ਕੋਰਟ ਵਿੱਚ ਨਿਆਂ ਦੇ ਰਾਹ ਨੂੰ ਵਿਗਾੜਨ ਦੀ ਸਾਜ਼ਿਸ਼, ਮਨੀ ਲਾਂਡਰਿੰਗ ਦੀ ਸਾਜ਼ਿਸ਼ ਅਤੇ ਡਾਕਘਰ ਤੋਂ ਚੋਰੀ ਕਰਨ ਦੀ ਸਾਜ਼ਿਸ਼ ਦੇ ਦੋਸ਼ੀ ਪਾਇਆ ਗਿਆ।

ਇਸ ਡਾਕੇ ਲਈ ਮੈਟ ਡਿਟੈਕਟਿਵਸ ਨੇ ਡੀਐੱਨਏ ਅਤੇ ਸੀਸੀਟੀਵੀ ਦੀ ਵਰਤੋਂ ਕਰਕੇ ਇੱਕ ਵਿਅਕਤੀ ਦੀ ਪਛਾਣ ਕੀਤੀ ਜਿਸਨੇ ਮੌਕੇ ਤੋਂ ਭੱਜਣ ਵੇਲੇ ਆਪਣੇ ਆਪ ਨੂੰ ਸੱਟ ਮਾਰਨ ਤੋਂ ਬਾਅਦ ਹਥਿਆਰਬੰਦ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਰਾਜਵਿੰਦਰ ਕਾਹਲੋਂ ਉਨ੍ਹਾਂ ਪੰਜ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਬ੍ਰਾਬਾਜ਼ੋਨ ਰੋਡ 'ਤੇ ਸ਼ਾਖਾ ਤੋਂ ਲਗਭਗ £136,000 ਚੋਰੀ ਕੀਤੇ ਸਨ। ਜਿਵੇਂ ਹੀ ਉਹ ਮੌਕੇ ਤੋਂ ਭੱਜ ਰਿਹਾ ਸੀ, ਉਸਨੇ ਧਾਤ ਦੀ ਵਾੜ ਉੱਤੇ ਚੜ੍ਹਦੇ ਹੋਏ ਆਪਣੇ ਆਪ ਨੂੰ ਸੱਟ ਮਾਰ ਲਈ ਅਤੇ ਜਾਸੂਸਾਂ ਨੇ ਇਸ ਸਬੂਤ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਸੀਸੀਟੀਵੀ ਅਤੇ ਫ਼ੋਨ ਡੇਟਾ ਦੀ ਵਰਤੋਂ ਕਰਕੇ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ।

ਸ਼ਾਖਾ ਵਿੱਚ ਕੰਮ ਕਰਨ ਵਾਲੀਆਂ ਦੋ ਔਰਤਾਂ ਨੂੰ ਬਾਅਦ ਵਿੱਚ ਸਾਜ਼ਿਸ਼ ਦਾ ਹਿੱਸਾ ਪਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਔਰਤਾਂ ਨੇ ਡਰਾਮਾ ਕੀਤਾ ਕਿ ਇੱਕ ਬੰਦੂਕ ਵਾਲੇ ਵਿਅਕਤੀ ਦੁਆਰਾ ਧਮਕੀ ਦਿੱਤੀ ਗਈ ਸੀ ਜਿਸਨੇ £50,000 ਤੇ ਨਾਲ ਹੀ ਸ਼ਾਖਾ ਦਾ ਸੀਸੀਟੀਵੀ ਸਿਸਟਮ ਚੋਰੀ ਕਰ ਲਿਆ ਦੱਸਿਆ ਸੀ। ਡਾਕਘਰ ਦੁਆਰਾ ਕੀਤੇ ਗਏ ਇੱਕ ਆਡਿਟ ਵਿੱਚ ਪਾਇਆ ਗਿਆ ਕਿ ਸਟੋਰ ਵਿੱਚੋਂ ਗੁੰਮ ਹੋਏ ਪੈਸੇ ਦੀ ਅਸਲ ਰਕਮ ਲਗਭਗ £136,000 ਸੀ।

ਮੈਟਰੋਪੋਲੀਟਨ ਪੁਲਸ ਦੇ ਫਲਾਇੰਗ ਸਕੁਐਡ ਦੇ ਜਾਸੂਸਾਂ ਨੇ ਜਾਂਚ ਸ਼ੁਰੂ ਕਰ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਦੁਕਾਨ ਦੇ ਆਲੇ-ਦੁਆਲੇ ਦੇ ਇਲਾਕੇ ਤੋਂ ਸੀਸੀਟੀਵੀ ਦੀ ਜਾਂਚ ਕੀਤੀ। ਉਨ੍ਹਾਂ ਨੇ ਉਸਨੂੰ ਇੱਕ ਨੇੜਲੀ ਕਾਰ ਤੱਕ ਟਰੈਕ ਕੀਤਾ ਜੋ ਕਾਹਲੋਂ ਦੇ ਨਾਮ 'ਤੇ ਰਜਿਸਟਰਡ ਸੀ ਤੇ ਉਸਦਾ ਡੀਐੱਨਏ ਵੀ ਵਾੜ 'ਤੇ ਮਿਲਿਆ ਤੇ ਪੁਲਸ ਨੇ ਡਾਕੇ ਦੀ ਗੁੱਥੀ ਨੂੰ ਸੁਲਝਾ ਲਿਆ। ਕਾਹਲੋਂ ਦੇ ਫ਼ੋਨ ਦੀ ਜਾਂਚ ਤੋਂ ਪਤਾ ਲੱਗਾ ਕਿ ਉਹ ਸੁਖਵੀਰ ਢਿੱਲੋਂ ਨਾਮਕ ਇੱਕ ਵਿਅਕਤੀ ਨਾਲ ਨਿਯਮਤ ਸੰਪਰਕ ਵਿੱਚ ਸੀ। ਢਿੱਲੋਂ ਉਸ ਸ਼ਾਖਾ ਅਤੇ ਉਸ ਸਟੋਰ ਦਾ ਮਾਲਕ ਸੀ ਜਿਸ ਨਾਲ ਇਹ ਜੁੜਿਆ ਹੋਇਆ ਸੀ ਤੇ ਕਾਹਲੋਂ ਦਾ ਚਚੇਰਾ ਭਰਾ ਵੀ ਹੈ। ਪਰਿਵਾਰ ਦੇ ਤਿੰਨ ਹੋਰ ਮੈਂਬਰ, ਰਮਨਦੀਪ ਢਿੱਲੋਂ ਅਤੇ ਸੁਨਾਵਰ ਢਿੱਲੋਂ, ਮਨਦੀਪ ਗਿੱਲ, ਨੂੰ ਵੀ ਯੋਜਨਾਵਾਂ ਬਾਰੇ ਜਾਣੂ ਪਾਇਆ ਗਿਆ।

ਮੈਟਰੋਪੋਲੀਟਨ ਪੁਲਸ ਦੇ ਫਲਾਇੰਗ ਸਕੁਐਡ ਦੇ ਡਿਟੈਕਟਿਵ ਚੀਫ ਇੰਸਪੈਕਟਰ ਸਕਾਟ ਮੈਥਰ ਨੇ ਕਿਹਾ ਕਿ ਇਹ ਇੱਕ ਗੁੰਝਲਦਾਰ ਜਾਂਚ ਸੀ ਜਿਸ ਵਿੱਚ ਵੱਡੀ ਮਾਤਰਾ ਵਿੱਚ ਸੀਸੀਟੀਵੀ, ਫੋਨ ਅਤੇ ਵਿੱਤੀ ਡੇਟਾ ਅਤੇ ਡੀਐੱਨਏ ਸਬੂਤ ਇਕੱਠੇ ਕਰਨਾ ਸ਼ਾਮਲ ਸੀ। ਅਦਾਲਤ ਵੱਲੋਂ ਪੰਜੇ ਦੋਸ਼ੀਆਂ ਨੂੰ ਸ਼ੁੱਕਰਵਾਰ 6 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News