ਪੰਜਾਬ ਸਰਕਾਰ ਨੂੰ ਸਰਕਾਰੀ ਵਿਭਾਗਾਂ ਦੀ ਢਿੱਲੀ ਕਾਰਗੁਜ਼ਾਰੀ ਠੀਕ ਕਰਨ ਦੀ ਜ਼ਰੂਰਤ

02/15/2020 3:23:47 PM

ਨਿਊਯਾਰਕ, (ਰਾਜ ਗੋਗਨਾ)—  ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਦੇ ਮਸਲਿਆਂ ਅਤੇ ਚਿੰਤਾਵਾਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਦੇ ਵਿਭਾਗਾਂ ਦੀ ਕਾਰਗੁਜ਼ਾਰੀ ਬਹੁਤ ਮਾੜੀ ਤੇ ਨਿੰਦਣਯੋਗ  ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਇਹ ਚਿੰਤਾ ਦਾ ਵਿਸ਼ਾ ਵੀ ਹੋਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸਤਨਾਮ ਸਿੰਘ ਚਾਹਲ ਕਾਰਜਕਾਰੀ ਡਾਇਰੈਕਟਰ ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਅੱਜ ਇਥੋਂ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਰਾਹੀਂ ਕੀਤਾ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਸ. ਚਾਹਲ ਨੇ ਦੱਸਿਆ ਕਿ ਉਸ ਦੀ ਐੱਨ. ਆਰ. ਆਈ. ਬੇਟੀ ਮਨਦੀਪ ਕੌਰ ਨੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਪੰਜਾਬ ਨੂੰ ਇਨਸਾਫ ਲੈਣ ਦੀ ਬੇਨਤੀ ਕਰਨ ਲਈ ਇਕ ਬਿਨੈ ਪੱਤਰ ਭੇਜਿਆ ਸੀ, ਜਿਸ ਨੂੰ 06 ਜੂਨ 2017 ਨੂੰ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਪੰਜਾਬ ਨੇ ਪੀ.ਬੀ.ਐੱਚ.ਅੱੈਮ./ਈ./2017/00014 ਨੰਬਰ ਦੇ ਤਹਿਤ ਪ੍ਰਾਪਤ ਕੀਤਾ ਸੀ।


ਸ. ਚਾਹਲ ਨੇ ਦੱਸਿਆ ਕਿ 17 ਦਸੰਬਰ, 2019 ਨੂੰੰ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਪੰਜਾਬ ਦੀ ਟਿੱਪਣੀ ਨਾਲ ਇੱਕ ਈਮੇਲ ਉਸਦੀ ਬੇਟੀ ਮਨਦੀਪ ਕੌਰ ਨੂੰ ਮਿਲੀ ਕਿ ਵਿਭਾਗ ਨੂੰ ਉਸ ਦੇ ਬਿਨੈਪੱਤਰ ਨਾਲ ਕੋਈ ਹੋਰ ਨੱਥੀ ਕੀਤੇ ਗਏ ਕਾਗਜ਼ ਨਹੀਂ ਮਿਲੇ, ਜਿਸ ਕਾਰਣ ਹੋਰ ਜਾਣਕਾਰੀ ਲੋੜੀਂਦੀ ਕਾਰਵਾਈ ਕਰਨ ਦੇ ਯੋਗ ਬਣਾਉਣ ਲਈ ਇਸ ਬਿਨੈਪੱਤਰ ਨੂੰ ਦੁਬਾਰਾ ਭੇਜਣ ਦੀ ਬੇਨਤੀ ਦੇ ਨਾਲ ਸਬੰਧਤ ਦਸਤਾਵੇਜ਼ ਦੁਬਾਰਾ ਭੇਜੇ ਜਾਣ ਕਿਉਂਕਿ ਅਜਿਹੇ ਦਸਤਾਵੇਜ  ਫਾਈਲ ਦੇ ਨਾਲ  ਨਹੀਂ ਹਨ।

ਸ. ਚਾਹਲ ਨੇ ਦੱਸਿਆ ਕਿ ਇੰਝ ਵਿਭਾਗ ਵਲੋਂ ਸ਼ਿਕਾਇਤਕਰਤਾ ਨੂੰ ਇਹ ਦੱਸਣ ਲਈ ਤਕਰੀਬਨ ਢਾਈ ਸਾਲ ਦਾ ਸਮਾਂ ਲੱਗ ਗਿਆ ਕਿ ਵਿਭਾਗ ਨੂੰ ਬਿਨੈਪੱਤਰ ਨਾਲ ਹੋਰ ਜਾਣਕਾਰੀ ਲੋੜੀਂਦੇ ਦਸਤਾਵੇਜ਼ ਪ੍ਰਾਪਤ ਨਹੀਂ ਹੋਏ ਹਨ। ਚਾਹਲ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜੇਕਰ ਸਾਡੇ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ਇਸ ਤਰ੍ਹਾਂ ਦੀ ਹੀ ਰਹੇਗੀ ਤਾਂ ਇਹ ਸਰਕਾਰੀ ਵਿਭਾਗ ਸ਼ਿਕਾਇਤਕਰਤਾ ਨੂੰ ਇਨਸਾਫ ਕਿਸ ਤਰ੍ਹਾਂ ਦੇ ਸਕਣਗੇ। ਸ. ਚਾਹਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸਰਕਾਰੀ ਵਿਭਾਗਾਂ ਦੀ ਢਿੱਲੀ ਕਾਰਗੁਜ਼ਾਰੀ ਦਾ ਸਖਤ ਨੋਟਿਸ ਲੈ ਕੇ ਇਨ੍ਹਾਂ ਸਰਕਾਰੀ ਵਿਭਾਗਾਂ ਦੀ ਢਿੱਲੀ ਕਾਰਗੁਜ਼ਾਰੀ ਨੂੰ ਦਰੁਸਤ ਬਣਾਉਣ ਲਈ ਹਰ ਸੰਭਵ ਕਾਰਵਾਈ ਕਰਨ ਤਾਂ ਕਿ ਪੰਜਾਬ ਸਰਕਾਰ ਦੇ ਵਕਾਰ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕੇ।


Related News