ਸਵਿੱਟਜ਼ਰਲੈਂਡ ''ਚ ਜਨਤਕ ਤੌਰ ''ਤੇ ਮੂੰਹ ਢੱਕਣ ''ਤੇ ਪਾਬੰਦੀ ਲਾਉਣ ਦਾ ਲੋਕਾਂ ਕੀਤਾ ਸਮਰਥਨ

Monday, Mar 08, 2021 - 01:59 AM (IST)

ਜਿਨੇਵਾ - ਸਵਿੱਟਜ਼ਰਲੈਂਡ ਵਿਚ ਲੋਕਾਂ ਨੇ ਜਨਤਕ ਤੌਰ 'ਤੇ ਮੂੰਹ ਢੱਕਣ 'ਤੇ ਪਾਬੰਦੀ ਲਾਉਣ ਦਾ ਸਮਰਥਨ ਕੀਤਾ ਹੈ। ਇਸ ਵਿਚ ਮੁਸਲਿਮ ਔਰਤਾਂ ਵੱਲੋਂ ਪਾਏ ਜਾਣ ਵਾਲੇ ਬੁਰਕੇ ਜਾਂ ਨਕਾਬ ਵੀ ਸ਼ਾਮਲ ਹਨ। ਜਨਤਕ ਤੌਰ 'ਤੇ ਮੂੰਹ ਢੱਕਣ 'ਤੇ ਪਾਬੰਦੀ ਨੂੰ ਲੈ ਕੇ ਸਵਿੱਟਜ਼ਰਲੈਂਡ ਵਿਚ ਐਤਵਾਰ ਜਨਮਤ ਸੰਗ੍ਰਹਿ ਕਰਾਇਆ ਗਿਆ। ਜਿਸ ਵਿਚ ਲੋਕਾਂ ਨੇ ਜਨਤਕ ਤੌਰ 'ਤੇ ਮੂੰਹ ਢੱਕਣ ਨੂੰ ਪਾਬੰਦੀਸ਼ੁਦਾ ਕਰਨ ਦੇ ਪੱਖ ਵਿਚ ਵੋਟ ਕੀਤਾ।

ਹਾਲਾਂਕਿ ਪਾਬੰਦੀ ਲਾਉਣ ਦੇ ਪੱਖ ਅਤੇ ਵਿਰੋਧ ਵਿਚ ਵੋਟ ਕਰਨ ਵਾਲਿਆਂ ਦਰਮਿਆਨ ਵੋਟ ਫੀਸਦੀ ਦਾ ਫਰਕ ਕਾਫੀ ਘੱਟ ਸੀ। ਬ੍ਰਾਡਕਾਸਟਰ ਐੱਸ. ਆਰ. ਐੱਫ. ਮੁਤਾਬਕ ਕਰੀਬ 52 ਫੀਸਦੀ ਲੋਕਾਂ ਨੇ ਇਥੇ ਪਾਬੰਦੀ ਲਾਉਣ ਦੇ ਪੱਖ ਵਿਚ ਵੋਟ ਪਾਈ ਜਦਕਿ 48 ਫੀਸਦੀ ਨੇ ਪਾਬੰਦੀ ਨਾ ਲਾਉਣ ਲਈ ਵੋਟ ਪਾਈ। ਦੱਖਣ ਪੰਥੀ ਸਵਿਸ ਪੀਪਲਸ ਪਾਰਟੀ ਨੇ ਐਤਵਾਰ ਹੋਈ ਵੋਟਿੰਗ ਦੌਰਾਨ 'ਅੱਤਵਾਦ ਬੰਦ ਕਰੋ' ਜਿਹੇ ਨਾਅਰੇ ਵੀ ਲਾਏ। ਉਥੇ ਇਕ ਮੁੱਖ ਸਵਿੱਸ ਇਸਲਾਮਕ ਗਰੁੱਪ ਨੇ ਕਿਹਾ ਕਿ ਮੁਸਲਮਾਨਾਂ ਲਈ ਇਹ 'ਕਾਲਾ ਦਿਨ' ਸੀ। ਸੈਂਟ੍ਰਲ ਕੌਂਸਲ ਆਫ ਮੁਸਲਿਮ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਐਤਵਾਰ ਦੇ ਫੈਸਲੇ ਨਾਲ ਪੁਰਾਣੇ ਜ਼ਖਮ ਇਕ ਵਾਰ ਫਿਰ ਤਾਜ਼ਾ ਹੋ ਗਏ ਹਨ। ਇਸ ਨਾਲ ਕਾਨੂੰਨੀ ਅਸਮਾਨਤਾ ਦੇ ਸਿਧਾਂਤ ਨੂੰ ਹੋਰ ਤਾਕਤ ਮਿਲੇਗੀ। ਨਾਲ ਹੀ ਮੁਸਲਿਮ ਘੱਟ ਗਿਣਤੀਆਂ ਨੂੰ ਵੱਖ ਰੱਖੇ ਜਾਣ ਦੇ ਵੀ ਸਪੱਸ਼ਟ ਸੰਕੇਤ ਮਿਲਦੇ ਹਨ।

ਸਵਿੱਸ ਸਰਕਾਰ ਨੇ ਪਾਬੰਦੀ ਖਿਲਾਫ ਤਰਕ ਦਿੰਦੇ ਹੋਏ ਕਿਹਾ ਸੀ ਕਿ ਇਹ ਤੈਅ ਕਰਨਾ ਸੂਬਾ ਦੇ ਅਧੀਨ ਨਹੀਂ ਹੈ ਕਿ ਔਰਤਾਂ ਨੂੰ ਕੀ ਪਾਉਣਾ ਚਾਹੀਦਾ ਹੈ। ਲਿਊਸਰਨ ਯੂਨੀਵਰਸਿਟੀ ਦੀ ਸੋਧ ਮੁਤਾਬਕ ਸਵਿੱਟਜ਼ਰਲੈਂਡ ਵਿਚ ਕਰੀਬ ਕੋਈ ਵੀ ਬੁਰਕਾ ਨਹੀਂ ਪਾਉਂਦਾ। ਸਿਰਫ 30 ਫੀਸਦੀ ਔਰਤਾਂ ਅਜਿਹੀਆਂ ਹਨ ਜੋ ਨਕਾਬ ਪਾਉਂਦੀਆਂ ਹਨ। ਸਵਿੱਟਜ਼ਰਲੈਂਡ ਦੀ 8.6 ਮਿਲੀਅਨ ਆਬਾਦੀ ਵਿਚ 5 ਫੀਸਦੀ ਆਬਾਦੀ ਮੁਸਲਮਾਨਾਂ ਦੀ ਹੈ। ਇਨ੍ਹਾਂ ਵਿਚ ਜ਼ਿਆਦਾਤਰ ਤੁਰਕੀ, ਬੋਸਨੀਆ ਅਤੇ ਕੋਸੋਵੋ ਤੋਂ ਹਨ।

ਲੋਕਤੰਤਰ ਤਹਿਤ ਸਵਿੱਟਜ਼ਰਲੈਂਡ ਦੇ ਲੋਕਾਂ ਨੂੰ ਆਪਣੇ ਨਾਲ ਜੁੜੇ ਮੁੱਦਿਆਂ ਲਈ ਵੋਟ ਕਰਨ ਦਾ ਅਧਿਕਾਰ ਹੈ। ਉਨ੍ਹਾਂ ਨੂੰ ਨਿਯਮਤ ਰੂਪ ਨਾਲ ਰਾਸ਼ਟਰੀ ਅਤੇ ਖੇਤਰੀ ਮਾਮਲਿਆਂ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਵੋਟ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦ ਇਸਲਾਮਕ ਮਾਨਤਾ ਨਾਲ ਜੁੜੇ ਕਿਸੇ ਮੁੱਦੇ 'ਤੇ ਜਨਮਨ ਸੰਗ੍ਰਹਿ ਕਰਾਇਆ ਗਿਆ ਹੈ। ਸਾਲ 2009 ਵਿਚ ਵੀ ਨਾਗਰਿਕਾਂ ਨੇ ਸਰਕਾਰੀ ਸਲਾਹ ਖਿਲਾਫ ਜਾ ਕੇ ਮੀਨਾਰਾਂ ਦੇ ਨਿਰਮਾਣ 'ਤੇ ਪਾਬੰਦੀ ਲਾਉਣ ਲਈ ਵੋਟਿੰਗ ਕੀਤੀ ਸੀ। ਹਾਲਾਂਕਿ ਐਤਵਾਰ ਜਿਹਫਾ ਜਨਮਤ ਸੰਗ੍ਰਹਿ ਕਰਾਇਆ ਗਿਆ, ਉਸ ਦੇ ਪ੍ਰਸਤਾਵ ਵਿਚ ਸਿੱਧੇ ਤੌਰ 'ਤੇ ਇਸਲਾਮ ਦਾ ਜ਼ਿਕਰ ਨਹੀਂ ਸੀ। ਇਸ ਦਾ ਉਦੇਸ਼ ਪ੍ਰਦਰਸ਼ਨ ਆਦਿ ਵੇਲੇ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਅਜਿਹੇ ਲੋਕਾਂ ਨੂੰ ਪਾਬੰਦੀਸ਼ੁਦਾ ਕਰਨ ਨਾਲ ਜਾਂ ਜਿਹੜੇ ਅਕਸਰ ਮਾਸਕ ਆਦਿ ਪਾ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ। ਬਾਵਜੂਦ ਇਸ ਦੇ ਜ਼ਿਆਦਾਤਰ ਲੋਕ ਇਸ ਨੂੰ ਬੁਰਕੇ 'ਤੇ ਪਾਬੰਦੀ ਲਾਉਣ ਦੇ ਤੌਰ 'ਤੇ ਹੀ ਦੇਖ ਰਹੇ ਹਨ।


Khushdeep Jassi

Content Editor

Related News