ਗੰਢੇ ਖਾਣ ਨਾਲ ਕੈਨੇਡਾ 'ਚ 500 ਤੋਂ ਵੱਧ ਲੋਕ ਬੀਮਾਰ, ਅਲਰਟ ਜਾਰੀ

09/16/2020 11:40:36 AM

ਓਟਾਵਾ- ਬੀਤੇ ਮਹੀਨੇ ਤੋਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਕੈਨੇਡਾ ਤੇ ਅਮਰੀਕਾ ਵਿਚ ਲਾਲ ਗੰਢਿਆਂ ਕਾਰਨ ਕਈ ਲੋਕ ਬੀਮਾਰ ਹੋਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਸਿਹਤ ਮਹਿਕਮੇ ਨੇ ਲੋਕਾਂ ਨੂੰ ਅਲਰਟ ਕੀਤਾ ਹੈ ਕਿ ਸਿਰਫ ਲਾਲ ਹੀ ਨਹੀਂ ਪੀਲੇ ਤੇ ਚਿੱਟੇ ਗੰਢੇ ਵੀ ਬੀਮਾਰੀ ਦੀ ਜੜ੍ਹ ਬਣ ਗਏ ਹਨ। ਇਸ ਕਾਰਨ ਕੈਨੇਡਾ ਭਰ ਵਿਚ 506 ਲੋਕ ਬੀਮਾਰ ਹੋ ਚੁੱਕੇ ਹਨ । 

ਇਹ ਖ਼ਬਰ ਮਿਲਦਿਆਂ ਹੀ ਕੈਨੇਡੀਅਨ ਲੋਕਾਂ ਨੇ ਗੰਢੇ ਆਪਣੇ ਘਰੋਂ ਬਾਹਰ ਸੁੱਟਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਵੱਡੇ ਸਟੋਰਾਂ ਵਲੋਂ ਵੇਚੇ ਗਏ ਗੰਢੇ ਵਾਪਸ ਲੈ ਲਏ ਗਏ ਸਨ ਪਰ ਬਹੁਤੇ ਵਿਕ ਚੁੱਕੇ ਸਨ, ਜਿਸ ਕਾਰਨ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। 

ਅਮਰੀਕਾ ਤੋਂ ਆਉਣ ਵਾਲੇ ਇਹ ਗੰਢੇ ਸੈਲਮੋਨੇਲਾ ਬੀਮਾਰੀ ਫੈਲਾ ਰਹੇ ਹਨ, ਜਿਸ ਕਾਰਨ ਪਹਿਲਾਂ ਵਿਅਕਤੀ ਦੇ ਢਿੱਡ ਵਿਚ ਦਰਦ ਹੁੰਦੀ ਹੈ ਤੇ ਫਿਰ ਹੌਲੀ-ਹੌਲੀ ਉਸ ਦੀ ਹਾਲਤ ਇੰਨੀ ਗੰਭੀਰ ਹੋ ਜਾਂਦੀ ਹੈ ਕਿ ਉਸ ਨੂੰ ਹਸਪਤਾਲ ਲਿਜਾਣਾ ਜਾਣਾ ਪੈਂਦਾ ਹੈ। 

ਸਿਹਤ ਏਜੰਸੀ ਨੇ ਕਿਹਾ ਕਿ ਜੇਕਰ ਕਿਸੇ ਨੇ ਕੈਲੀਫੋਰਨੀਆ ਦੇ ਥਾਮਸਨ ਇੰਟਰਨੈਸ਼ਨਲ ਇੰਕ. ਆਫ ਬੇਕਰਸਫੀਲਡ ਵਲੋਂ ਵੇਚੇ ਗਏ ਗੰਢੇ ਖਰੀਦੇ ਹਨ ਤਾਂ ਉਹ ਇਸ ਨੂੰ ਉਸੇ ਸਮੇਂ ਘਰੋਂ ਬਾਹਰ ਸੁੱਟ ਕੇ ਉਸ ਥਾਂ ਨੂੰ ਚੰਗੀ ਤਰ੍ਹਾਂ ਧੋਣ ਅਤੇ ਆਪਣੇ ਹੱਥ ਵੀ ਚੰਗੀ ਤਰ੍ਹਾਂ ਸਾਫ਼ ਕਰਨ। ਜੇਕਰ ਕਿਸੇ ਦੇ ਗੰਢਿਆਂ ਦੀ ਬੋਰੀ ਉੱਤੇ ਕੋਈ ਬਰਾਂਡ ਦੀ ਪਰਚੀ ਨਹੀਂ ਹੈ ਕਿ ਇਹ ਕਿੱਥੋਂ ਆਏ ਹਨ, ਤਾਂ ਵੀ ਉਹ ਲੋਕ ਵੀ ਗੰਢੇ ਬਾਹਰ ਸੁੱਟ ਦੇਣ ਤੇ ਥੋੜ੍ਹੇ ਦਿਨ ਪਿਆਜ਼ ਨਾ ਖਰੀਦਣ ਤੇ ਨਾ ਖਾਣ। ਜ਼ਿਕਰਯੋਗ ਹੈ ਕਿ ਹੋਟਲ, ਰੈਸਟੋਰੈਂਟਾਂ, ਕੈਫੇਟੇਰੀਆ, ਹਸਪਤਾਲਾਂ ਤੇ ਨਰਸਿੰਗ ਹੋਮਜ਼ ਵਿਚ ਵੀ ਇਹ ਗੰਢੇ ਪੁੱਜ ਚੁੱਕੇ ਹਨ। 


Lalita Mam

Content Editor

Related News