ਕੋਰੋਨਾ ਦੇ ਟੈਸਟ ਤੋਂ ਇਨਕਾਰ ਕਰਨ 'ਤੇ ਲੱਗ ਸਕਦਾ ਹੈ 91 ਹਜ਼ਾਰ ਜੁਰਮਾਨਾ
Monday, Mar 16, 2020 - 03:06 PM (IST)
 
            
            ਲੰਡਨ— ਯੂ. ਕੇ. 'ਚ ਕੋਰੋਨਾ ਵਾਇਰਸ ਦੀ ਜਾਂਚ ਕਰਵਾਉਣ ਤੋਂ ਇਨਕਾਰ ਕਰਨ 'ਤੇ 1000 ਪੌਂਡ ਯਾਨੀ 91 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਅਤੇ ਜੇਲ ਹੋ ਸਕਦੀ ਹੈ। ਜਾਣਕਾਰੀ ਮੁਤਾਬਕ, ਇੰਗਲੈਂਡ ਪੁਲਸ ਨੂੰ ਐਮਰਜੈਂਸੀ ਪਾਵਰਾਂ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਘੋਸ਼ਣਾ ਅਗਲੇ ਹਫਤੇ ਹੋ ਸਕਦੀ ਹੈ। ਇਹ ਕਦਮ ਉਸ ਵਕਤ ਚੁੱਕਿਆ ਜਾ ਰਿਹਾ ਹੈ ਜਦੋਂ ਯੂ. ਕੇ. 'ਚ ਰਾਤੋ-ਰਾਤ ਮਰਨ ਵਾਲਿਆਂ ਦੀ ਗਿਣਤੀ 21 ਤੋਂ 35 'ਤੇ ਪਹੁੰਚ ਗਈ ਹੈ ਅਤੇ ਕੋਵਿਡ-19 ਦੇ ਮਾਮਲੇ 1,140 ਤੋਂ ਵੱਧ ਕੇ 1,391 ਹੋ ਗਏ ਹਨ। ਯੂ. ਕੇ. ਸਰਕਾਰ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਹੈਲਥ ਪ੍ਰੋਟੈਕਸ਼ਨ (ਕੋਰੋਨਾਵਾਇਰਸ) ਰੈਗੂਲੇਸ਼ਨਜ਼ 2020 ਮੁਤਾਬਕ, ਲੋਕਾਂ ਨੂੰ ਸੁਰੱਖਿਅਤ ਹਸਪਤਾਲ ਜਾਂ ਕਿਸੇ ਹੋਰ ਢੁਕਵੀਂ ਜਗ੍ਹਾ 'ਤੇ 14 ਦਿਨਾਂ ਤੱਕ ਰੱਖਿਆ ਜਾ ਸਕਦਾ ਹੈ ਤੇ ਜੇਕਰ ਕੋਈ ਇਹ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਗ੍ਰਿਫਤਾਰ ਕਰਕੇ ਹਿਰਾਸਤ'ਚ ਲੈ ਲਿਆ ਜਾ ਸਕਦਾ ਹੈ।
ਇੰਗਲੈਂਡ ਦੇ 'ਦਿ ਟੈਲੀਗ੍ਰਾਫ' ਦੀ ਰਿਪੋਰਟ ਮੁਤਾਬਕ, ਨਿਯਮਾਂ ਦੀ ਪਾਲਣਾ ਨਾ ਕਰਨਾ ਇਕ ਅਪਰਾਧਿਕ ਜ਼ੁਰਮ ਮੰਨਿਆ ਜਾਵੇਗਾ ਤੇ 1000 ਪੌਂਡ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਜੁਰਮਾਨਾ ਨਾ ਦਿੱਤਾ ਤਾਂ ਜੇਲ ਭੇਜਿਆ ਜਾ ਸਕਦਾ ਹੈ। ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਅਧਿਕਾਰੀਆਂ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਉਹ ਕਿਸ ਨੂੰ ਮਿਲੇ ਹਨ ਅਤੇ ਕਿੱਥੇ-ਕਿੱਥੇ ਦੀ ਯਾਤਰਾ ਕੀਤੀ ਹੈ। ਉੱਥੇ ਹੀ, ਸਕਾਟਲੈਂਡ 'ਚ ਪਹਿਲਾਂ ਹੀ ਇਸ ਤਰ੍ਹਾਂ ਦੇ ਨਿਯਮ ਲਾਗੂ ਹਨ।
ਜਰਮਨੀ ਵੱਲੋਂ ਸਰਹੱਦਾਂ ਬੰਦ, ਇਟਲੀ ਦਾ ਬੁਰਾ ਹਾਲ

ਯੂਰਪ 'ਚ ਮੌਜੂਦਾ ਸਮੇਂ ਸਭ ਤੋਂ ਖਰਾਬ ਹਾਲਾਤ ਹਨ। ਕੋਰੋਨਾਵਾਇਰਸ ਦੇ ਮੱਦੇਨਜ਼ਰ ਜਰਮਨੀ ਫਰਾਂਸ, ਸਵਿਟਜ਼ਰਲੈਂਡ, ਆਸਟਰੀਆ, ਲਕਜ਼ਮਬਰਗ ਤੇ ਡੈਨਮਾਰਕ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਨੂੰ ਅੰਸ਼ਕ ਤੌਰ 'ਤੇ ਬੰਦ ਕਰਨ ਜਾ ਰਿਹਾ ਹੈ। ਜਾਇਜ਼ ਕਾਰਨ ਤੋਂ ਬਿਨਾਂ ਲੋਕਾਂ ਨੂੰ ਹੁਣ ਜਰਮਨੀ 'ਚ ਦਾਖਲ ਹੋਣ ਅਤੇ ਛੱਡਣ ਦੀ ਮਨਜ਼ੂਰੀ ਨਹੀਂ ਹੋਵੇਗੀ। ਜਰਮਨੀ ਦੀਆਂ ਨੀਦਰਲੈਂਡ ਤੇ ਬੈਲਜੀਅਮ ਨਾਲ ਵੀ ਸਰਹੱਦਾਂ ਹਨ, ਜੋ ਪ੍ਰਭਾਵਿਤ ਨਹੀਂ ਹਨ। ਯੂਰਪ 'ਚ ਸਭ ਤੋਂ ਬੁਰੀ ਤਰ੍ਹਾਂ ਇਟਲੀ ਪ੍ਰਭਾਵਿਤ ਹੈ, ਜਿੱਥੇ ਮੌਤਾਂ ਦੀ ਗਿਣਤੀ 1,809 ਹੋ ਗਈ ਹੈ ਅਤੇ 24,747 ਮਾਮਲੇ ਹੁਣ ਇਨਫੈਕਟਡ ਹਨ। ਇਟਲੀ 'ਚ ਲੋਂਬਾਰਡੀ ਸਭ ਤੋਂ ਵੱਧ ਬੁਰੇ ਦੌਰ 'ਚੋਂ ਲੰਘ ਰਿਹਾ ਹੈ, 1,218 ਮੌਤਾਂ ਸਿਰਫ ਇਸੇ ਇਲਾਕੇ 'ਚ ਹੋਈਆਂ ਹਨ। ਸਪੇਨ ਤੇ ਫਰਾਂਸ ਨੇ ਵੀ ਲੋਕਾਂ ਨੂੰ ਬਿਨਾਂ ਕਾਰਨੋਂ ਘਰੋਂ ਨਿਕਲਣ 'ਤੇ ਪਾਬੰਦੀ ਲਾ ਦਿੱਤੀ ਹੈ। ਰੈਸਟੋਰੈਂਟ, ਦੁਕਾਨਾਂ ਤੇ ਸਿਨੇਮਾਘਰਾਂ ਨੂੰ ਕਈ ਜਗ੍ਹਾ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ ► ਯੈੱਸ ਬੈਂਕ ਦਾ ਟਵੀਟ, 'ਹਜ਼ਾਰ ਤੋਂ ਵੱਧ ਬ੍ਰਾਂਚਾਂ 'ਚ ਵੀਰਵਾਰ ਤੋਂ ਮਿਲੇਗੀ ਹਰ ਸਰਵਿਸ' ► ਇਟਲੀ ਦੇ ਕਿਸਾਨ ਦਾ ਪੁੱਤਰ ਸੀ ਲੈਂਬੋਰਗਿਨੀ, ਇਸ ਸ਼ੌਂਕ ਨੇ ਬਣਾ 'ਤਾ 'ਸਰਤਾਜ' ► ਬੈਂਕ FD ਤੋਂ ਪਿੱਛੋਂ ਹੁਣ ਲੱਗੇਗਾ ਇਹ 'ਵੱਡਾ ਝਟਕਾ', ਸਰਕਾਰ ਘਟਾ ਸਕਦੀ ਹੈ ਦਰਾਂ

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            