ਪਾਕਿਸਤਾਨ 'ਚ ਪੀ.ਟੀ.ਆਈ ਦਾ ਵਿਰੋਧ ਪ੍ਰਦਰਸ਼ਨ ਖ਼ਤਮ

Wednesday, Nov 27, 2024 - 11:40 AM (IST)

ਪਾਕਿਸਤਾਨ 'ਚ ਪੀ.ਟੀ.ਆਈ ਦਾ ਵਿਰੋਧ ਪ੍ਰਦਰਸ਼ਨ ਖ਼ਤਮ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਡੀ ਚੌਕ ਅਤੇ ਆਸਪਾਸ ਦੇ ਇਲਾਕਿਆਂ ਵਿਚ ਅੱਧੀ ਰਾਤ ਨੂੰ ਸੁਰੱਖਿਆ ਕਰਮਚਾਰੀਆਂ ਦੀ ਕਾਰਵਾਈ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਖ਼ਤਮ ਕਰ ਦਿੱਤਾ। ਖਾਨ ਦੀ ਪਾਰਟੀ ਪੀ.ਟੀ.ਆਈ ਨੇ ਸੁਰੱਖਿਆ ਕਰਮਚਾਰੀਆਂ ਦੀ ਕਾਰਵਾਈ ਨੂੰ "ਫਾਸ਼ੀਵਾਦੀ ਫੌਜੀ ਸ਼ਾਸਨ" ਦੁਆਰਾ ਕੀਤੀ ਗਈ "ਨਸਲਕੁਸ਼ੀ" ਦੀ ਕੋਸ਼ਿਸ਼ ਦੱਸਿਆ। 

ਪੁਲਸ ਸੂਤਰਾਂ ਨੇ ਦੱਸਿਆ ਕਿ ਲਗਭਗ 450 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ) ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਮਾਰਨ ਦੇ ਇਰਾਦੇ ਨਾਲ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕੀਤੀ। ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ ਨੂੰ ਪੀ.ਟੀ.ਆਈ ਸਮਰਥਕਾਂ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਝੜਪ ਹੋ ਗਈ, ਜਿਸ ਤੋਂ ਬਾਅਦ ਉਹ ਐਤਵਾਰ ਨੂੰ ਸ਼ੁਰੂ ਹੋਏ ਇਸਲਾਮਾਬਾਦ ਮਾਰਚ ਦੇ ਹਿੱਸੇ ਵਜੋਂ ਡੀ-ਚੌਕ 'ਤੇ ਧਰਨਾ ਦੇਣ ਵਿੱਚ ਸਫਲ ਹੋ ਗਏ। ਸਮਰਥਕਾਂ ਅਤੇ ਪੁਲਸ ਵਿਚਾਲੇ ਝੜਪਾਂ 'ਚ 6 ਸੁਰੱਖਿਆ ਕਰਮੀ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖ਼ਬਰ- ਮੌਸਮ ਹੋਇਆ ਖਰਾਬ, 82 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ

ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਦੇ ਨਾਲ ਪੇਸ਼ਾਵਰ ਤੋਂ ਇਸਲਾਮਾਬਾਦ ਤੱਕ ਮਾਰਚ ਦੀ ਅਗਵਾਈ ਕਰਨ ਵਾਲੀ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਕਿਹਾ ਕਿ ਜਦੋਂ ਤੱਕ ਖਾਨ ਨੂੰ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਪ੍ਰਦਰਸ਼ਨਕਾਰੀ ਨਹੀਂ ਛੱਡਣਗੇ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਇਲਾਕੇ ਤੋਂ ਹਟਾਉਣ ਦੀ ਕੋਸ਼ਿਸ਼ ਜਾਰੀ ਰੱਖੀ। ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦਫ਼ਤਰ, ਸੰਸਦ ਅਤੇ ਸੁਪਰੀਮ ਕੋਰਟ ਡੀ-ਚੌਕ ਦੇ ਆਲੇ-ਦੁਆਲੇ ਸਥਿਤ ਹਨ। ਅੱਧੀ ਰਾਤ ਦੇ ਕਰੀਬ ਪੁਲਸ ਅਤੇ ਰੇਂਜਰਾਂ ਨੇ ਬਲੂ ਏਰੀਆ ਕਾਰੋਬਾਰੀ ਖੇਤਰ ਨੂੰ ਖਾਲੀ ਕਰਨ ਲਈ ਮੁਹਿੰਮ ਚਲਾਈ। ਪੀ.ਟੀ.ਆਈ ਨੇ ਸਰਕਾਰ 'ਤੇ ਹਿੰਸਾ ਦੀ ਵਰਤੋਂ ਕਰਨ ਅਤੇ ਸੈਂਕੜੇ ਵਰਕਰਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾ ਕੇ ਕਾਰਵਾਈ 'ਤੇ ਪ੍ਰਤੀਕਿਰਿਆ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ-ਰੇਲਗੱਡੀ ਘੁੰਮਾਵੇਗੀ 13 ਦੇਸ਼, ਰੋਮਾਂਚ ਭਰਪੂਰ ਹੋਵੇਗਾ ਸਫਰ

ਪੀ.ਟੀ.ਆਈ ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ, "ਪਾਕਿਸਤਾਨ ਵਿੱਚ ਸ਼ਹਿਬਾਜ਼-ਜ਼ਰਦਾਰੀ-ਆਸਿਮ ਗਠਜੋੜ ਦੀ ਅਗਵਾਈ ਵਾਲੇ ਬੇਰਹਿਮ, ਫਾਸੀਵਾਦੀ ਫੌਜੀ ਸ਼ਾਸਨ ਦੇ ਅਧੀਨ ਸੁਰੱਖਿਆ ਬਲਾਂ ਦੇ ਹੱਥੋਂ ਨਸਲਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਸੀ। ਦੇਸ਼ ਵਿੱਚ ਖੂਨ-ਖਰਾਬਾ ਹੋ ਰਿਹਾ ਹੈ।'' 72 ਸਾਲਾ ਸਾਬਕਾ ਪ੍ਰਧਾਨ ਮੰਤਰੀ, ਜੋ ਪਿਛਲੇ ਸਾਲ ਅਗਸਤ ਤੋਂ ਜੇਲ੍ਹ ਵਿੱਚ ਹਨ, ਨੇ 24 ਨਵੰਬਰ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਲਈ "ਆਖਰੀ ਕਾਲ" ਦਿੱਤੀ ਸੀ। ਉਸ ਨੇ ਇਹ ਕਾਲ 13 ਨਵੰਬਰ ਨੂੰ ਕੀਤੀ ਸੀ। ਖਾਨ ਨੇ ਕਥਿਤ ਤੌਰ 'ਤੇ ਜਨਾਦੇਸ਼ ਦੀ ਚੋਰੀ, ਲੋਕਾਂ ਦੀ ਬੇਇਨਸਾਫ਼ੀ ਅਤੇ ਸੰਵਿਧਾਨ ਦੀ 26ਵੀਂ ਸੋਧ ਦੇ ਪਾਸ ਹੋਣ ਦੀ ਨਿੰਦਾ ਕੀਤੀ ਸੀ। ਸੰਵਿਧਾਨ ਦੀ 26ਵੀਂ ਸੋਧ 'ਤੇ ਉਨ੍ਹਾਂ ਕਿਹਾ ਸੀ ਕਿ ਇਸ ਨੇ 'ਤਾਨਾਸ਼ਾਹੀ ਸ਼ਾਸਨ' ਨੂੰ ਮਜ਼ਬੂਤ ​​ਕੀਤਾ ਹੈ। ਖਾਨ ਪਿਛਲੇ ਸਾਲ ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਬੰਦ ਹੈ ਅਤੇ ਉਸ ਖ਼ਿਲਾਫ਼ 200 ਤੋਂ ਵੱਧ ਮਾਮਲੇ ਦਰਜ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News