ਯੂਕੇ: ਯੂਨੈਸਕੋ ਅਨੁਸਾਰ ਵਿਰਾਸਤੀ ਸਥਾਨਾਂ ਨੂੰ ਸੰਭਾਲਣ ਲਈ ਵਿਕਾਸ ''ਤੋਂ ਬਚਾਉਣ ਦੀ ਲੋੜ
Saturday, Jul 31, 2021 - 05:51 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)– ਯੂਕੇ ’ਚ ਬਹੁਤ ਸਾਰੇ ਪੁਰਾਣੇ ਵਿਰਾਸਤੀ ਸਥਾਨ ਤਰੱਕੀ ਦੀ ਰਾਹ ਵੱਲ ਵਧਣ ਕਾਰਨ ਆਪਣਾ ਵਿਰਾਸਤੀ ਸਥਾਨਾਂ ਦਾ ਦਰਜਾ ਗੁਆ ਸਕਦੇ ਹਨ। ਇਸ ਸਬੰਧੀ ਯੂਨੈਸਕੋ ਦੀ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਨੂੰ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਲਈ ਯਤਨ ਕਰਨ ਦੀ ਲੋੜ ਹੈ, ਨਹੀਂ ਤਾਂ ਇਹਨਾਂ ਸਥਾਨਾਂ ਦੀ ਵਿਰਾਸਤੀ ਸਥਿਤੀ ਨੂੰ ਰੱਦ ਕੀਤਾ ਜਾ ਸਕਦਾ ਹੈ। ਯੂਨੈਸਕੋ ਵਰਲਡ ਹੈਰੀਟੇਜ ਸੈਂਟਰ ਦੀ ਨਿਰਦੇਸ਼ਕ ਡਾਕਟਰ ਮੇਚਟਿਲਡ ਰੋਸਲਰ ਨੇ ਕਿਹਾ ਕਿ ਵਿਕਾਸ ਦਾ ਰਾਸਤਾ ਵਿਰਾਸਤੀ ਸਥਾਨਾਂ ਨੂੰ ਨਵੀਨਤਾ ਦੇ ਰਿਹਾ ਹੈ, ਜਿਸ ਕਰਕੇ ਸਟੋਨਹੈਂਜ ਵਰਗੀਆਂ ਮਸ਼ਹੂਰ ਵਿਰਾਸਤੀ ਥਾਵਾਂ ਆਪਣਾ ਰੁਤਬਾ ਗੁਆਉਣ ਦੀ ਕਗਾਰ 'ਤੇ ਹਨ। ਯੂਨੈਸਕੋ ਵੱਲੋਂ ਇਹ ਚੇਤਾਵਨੀ ਲਿਵਰਪੂਲ ਦਾ ਨਾਂ ਵਿਰਾਸਤੀ ਸਥਾਨਾਂ ਦੀ ਸੂਚੀ ’ਚੋਂ ਹਟਾਉਣ ਦੇ ਬਾਅਦ ਦਿੱਤੀ ਗਈ ਹੈ।
ਯੂਨੈਸਕੋ ਦੇ ਇਸ ਫੈਸਲੇ ਨਾਲ ਲਿਵਰਪੂਲ ਯੂਕੇ ਦੀ ਪਹਿਲੀ ਅਤੇ ਵਿਸ਼ਵ ’ਚ ਤੀਜੀ ਸਾਈਟ ਹੈ ਜਿਸਦਾ ਵਿਕਾਸ ਹੋਣ ਕਰਕੇ ਵਿਰਾਸਤੀ ਦਰਜਾ ਖੋਹਿਆ ਗਿਆ ਹੈ। ਲਿਵਰਪੂਲ ਤੋਂ ਬਾਅਦ ਵਿਲਟਸ਼ਾਇਰ ’ਚ ਪ੍ਰਾਚੀਨ ਸਟੋਨਹੈਂਜ ਸਮਾਰਕ ਲਈ ਵੀ ਵਿਰਾਸਤੀ ਸਥਾਨ ਦਾ ਦਰਜਾ ਗਵਾਉਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਵਿਰਾਸਤੀ ਸਥਾਨ ਦੇ ਹੇਠਾਂ 1.7 ਬਿਲੀਅਨ ਪੌਂਡ ਦੀ ਦੋਹਰੀ ਕੈਰੀਵੇਜ ਸੁਰੰਗ ਬਣਾਉਣ ਦੀ ਯੋਜਨਾ ਦਾ ਫੈਸਲਾ ਕੀਤਾ ਗਿਆ ਹੈ। ਹਾਈਵੇਜ਼ ਇੰਗਲੈਂਡ ਨੇ ਵਿਲਟਸ਼ਾਇਰ ’ਚ ਏ-303 ਦੇ ਨਾਲ ਆਵਾਜਾਈ ਨੂੰ ਬਿਹਤਰ ਬਣਾਉਣ ਦੀਆਂ ਯੋਜਨਾਵਾਂ ਦਾ ਪ੍ਰਸਤਾਵ ਦਿੱਤਾ ਸੀ, ਜੋ ਕਿ ਦੱਖਣ-ਪੂਰਬ ਅਤੇ ਦੱਖਣ-ਪੱਛਮ ’ਚ ਯਾਤਰਾ ਕਰਨ ਵਾਲੇ ਵਾਹਨ ਚਾਲਕਾਂ ਲਈ ਸਭ ਤੋਂ ਸਿੱਧਾ ਰਸਤਾ ਹੈ।
ਇਸ ਲਈ ਕਈ ਵਿਰਾਸਤੀ ਮੁਹਿੰਮਕਾਰਾਂ ਅਨੁਸਾਰ ਇਹ ਵਿਕਾਸ ਇਸ ਸਥਾਨ ਲਈ ਇਕ ਸਥਾਈ ਨੁਕਸਾਨ ਸਾਬਤ ਹੋ ਸਕਦਾ ਹੈ। ਹਾਲਾਂਕਿ, ਟਰਾਂਸਪੋਰਟ ਵਿਭਾਗ (ਡੀ. ਐਫ. ਟੀ.) ਅਨੁਸਾਰ ਇਸ ਯੋਜਨਾ ਦੇ ਲਾਭ ਸੰਭਾਵਿਤ ਨੁਕਸਾਨ ਤੋਂ ਕਿਤੇ ਵੱਧ ਹਨ। ਯੂਨੈਸਕੋ ਅਨੁਸਾਰ ਸਰਕਾਰ ਨੂੰ ਸੰਭਾਵਿਤ ਨੁਕਸਾਨਦੇਹ ਪ੍ਰੋਜੈਕਟਾਂ ਦਾ ਪ੍ਰਸਤਾਵ ਦੇਣ ਤੋਂ ਪਹਿਲਾਂ ਡਿਵੈਲਪਰਾਂ ਨੂੰ ਸਟੋਨਹੈਂਜ ਵਰਗੇ ਸਥਾਨਾਂ ਦੇ ਅੰਤਰਰਾਸ਼ਟਰੀ ਦਰਜੇ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਤਰੱਕੀ ਦਾ ਰਾਸਤੇ ਪੁਰਾਣੇ ਵਿਰਾਸਤੀ ਸਥਾਨਾਂ ਲਈ ਮਾਰੂ ਸਾਬਤ ਹੋ ਸਕਦਾ ਹੈ।