ਪ੍ਰਮੁੱਖ ਆਸਟ੍ਰੇਲੀਆਈ ਬੀਬੀਆਂ ਨੇ ਸਕੌਟ ਮੌਰੀਸਨ ਨੂੰ ਲਿਖਿਆ ਖੁੱਲ੍ਹਾ ਪੱਤਰ, ਕੀਤੀ ਇਹ ਮੰਗ

03/11/2021 6:03:32 PM

ਸਿਡਨੀ (ਬਿਊਰੋ): ਪ੍ਰਮੁੱਖ ਆਸਟ੍ਰੇਲੀਆਈ ਬੀਬੀਆਂ ਨੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਇਕ ਖੁੱਲਾ ਪੱਤਰ ਸੌਂਪਿਆ ਹੈ ਅਤੇ ਆਉਣ ਵਾਲੇ ਸੰਘੀ ਬਜਟ ਵਿਚ ਲਿੰਗੀ ਅਸਮਾਨਤਾ ਨਾਲ ਨਜਿੱਠਣ ਦੀ ਮੰਗ ਕੀਤੀ ਹੈ। ਇਸ ਪੱਤਰ ਨੂੰ ਮਿੰਡਾਰੂ ਫਾਊਂਡੇਸ਼ਨ ਦੀ ਚੇਅਰ ਨਿਕੋਲਾ ਫੋਰੈਸਟ ਅਤੇ ਲੂਸੀ ਟਰਨਬੁਲ ਜੋ ਕਿ ਸਿਡਨੀ ਦੀ ਸਾਬਕਾ ਲਾਰਡ ਮੇਅਰ ਵੀ ਹਨ ਤੋਂ ਇਲਾਵਾ, ਫੋਰਟੈਸਕਿਊ ਮੈਟਲਜ਼ ਗਰੁੱਪ ਮੁਖੀ ਐਲਿਜ਼ਾਬੈਥ ਗੇਨਜ਼ ਅਤੇ ਸਾਬਕਾ ਆਸਟ੍ਰੇਲਅਨ ਆਫ ਦਾ ਇਅਰ ਰੋਜ਼ੀ ਬੈਟੀ ਨੇ ਲਿਖਿਆ ਹੈ। 

ਪੱਤਰ ਵਿਚ ਉਹਨਾਂ ਨੇ ਲਿਖਿਆ ਹੈ ਕਿ ਦੇਸ਼ ਵਿਚ ਬੀਬੀਆਂ ਪ੍ਰਤੀ ਨਾ-ਬਰਾਬਰੀ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ। ਇਸ ਸਮੱਸਿਆ ਨੂੰ ਜੇਕਰ ਵਕਤ ਰਹਿੰਦਿਆਂ ਹੱਲ ਨਾ ਕੀਤਾ ਗਿਆ ਤਾਂ ਮੁਸ਼ਕਲਾਂ ਵੱਧ ਜਾਣਗੀਆਂ। ਇਹਨਾਂ ਮੁਸ਼ਕਲਾਂ ਦਾ ਆਉਣ ਵਾਲੇ ਸਮੇਂ ਵਿਚ ਹੱਲ ਕਰਨਾ ਅਸੰਭਵ ਹੋ ਜਾਵੇਗਾ। ਪੱਤਰ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਹਰ ਖੇਤਰ -ਭਾਵੇਂ ਉਹ ਕੰਮ ਕਾਰ ਦਾ ਹੋਵੇ, ਆਰਥਿਕ, ਰਾਜਨੀਤਿਕ, ਸਮਾਜਿਕ ਖੇਤਰ ਅਤੇ ਜਾਂ ਫੇਰ ਫੈਡਰਲ ਪਾਰਲੀਮੈਂਟ ਦੇ ਅੰਕੜੇ ਹੀ ਵਾਚ ਲਏ ਜਾਣ ਤਾਂ ਸਾਫ ਜ਼ਾਹਿਰ ਹੈ ਕਿ ਬੀਬੀਆਂ ਨਾਲ ਨਾ-ਬਰਾਬਰੀ ਹੋ ਰਹੀ ਹੈ ਅਤੇ ਕਿਤੇ ਵੀ ਬੀਬੀਆਂ ਦੀ ਗਿਣਤੀ ਦੀ ਬਰਾਬਰੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ - ਮਲੇਸ਼ੀਆ ਅਦਾਲਤ ਦਾ ਵੱਡਾ ਫ਼ੈਸਲਾ, ਗੈਰ ਮੁਸਲਿਮ ਵੀ ਕਰ ਸਕਣਗੇ 'ਅੱਲਾਹ' ਸ਼ਬਦ ਦੀ ਵਰਤੋਂ 

ਦੇਸ਼ ਹੁਣ ਕੋਵਿਡ-19 ਦੀ ਮਾਰ ਤੋਂ ਬਾਅਦ ਆਰਥਿਕ ਪੱਖੋਂ ਪਈ ਮਾਰ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਇਹ ਇੱਕ ਚੰਗਾ ਸਮਾਂ ਅਤੇ ਮੌਕਾ ਹੋ ਸਕਦਾ ਹੈ ਜਦੋਂ ਕਿ ਬੀਬੀਆਂ ਨੂੰ ਵੀ ਇਸ ਕੰਮ ਵਿਚ ਅਜ਼ਮਾਇਆ ਜਾਣਾ ਚਾਹੀਦਾ ਹੈ। ਬੀਬੀਆਂ ਦੀ ਸ਼ਮੂਲੀਅਤ ਤੋਂ ਹੋਣ ਵਾਲੇ ਫਾਇਦਿਆਂ ਨੂੰ ਦਰਕਿਨਾਰ ਨਹੀਂ ਕਰਨਾ ਚਾਹੀਦਾ। ਇਸ ਲਈ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਮਈ ਦੇ ਆਉਣ ਵਾਲੇ ਬਜਟ ਵਿਚ ਦੇਸ਼ ਦੀਆਂ ਬੀਬੀਆਂ ਪ੍ਰਤੀ ਉਸਾਰੂ ਰੁਖ਼ ਅਪਣਾਉਣ।ਪਹਿਲਾਂ ਬੀਬੀਆਂ ਦੇ ਕੰਮਾਂ ਅਤੇ ਉਸਾਰੂ ਫਾਇਦਿਆਂ ਵਾਲੀ ਜਿਹੜੀ ਸਟੇਟਮੈਂਟ (women’s impact statement) ਹਟਾ ਦਿੱਤੀ ਗਈ ਸੀ, ਨੂੰ ਮੁੜ ਤੋਂ ਬਜਟ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਇਹ ਦੱਸਣਾ ਵੀ ਚਾਹੀਦਾ ਹੈ ਕਿ ਪਹਿਨਾਂ ਇਸ ਸਟੇਟਮੈਂਟ ਨੂੰ ਹਟਾਇਆ ਕਿਉਂ ਗਿਆ ਸੀ?

ਇਸ ਤੋਂ ਇਲਾਵਾ ਇਹ ਵੀ ਜ਼ਿਕਰਯੋਗ ਹੈ ਕਿ ਸਮੁੱਚੇ ਦੇਸ਼ ਵਿਚ ਬੀਬੀਆਂ 'ਤੇ ਪੈ ਰਹੇ ਮਾਰੂ ਅਸਰ ਦੇ ਕਾਰਨ, ਹਰ ਤਰਫ਼ੋਂ ਆ ਰਹੀਆਂ ਬੀਬੀਆਂ ਅਗਲੇ ਸੋਮਵਾਰ ਤੋਂ ਕੈਨਬਰਾ ਵਿਚ ਪਾਰਲੀਮੈਂਟ ਹਾਊਸ ਦੇ ਅੱਗੇ ਮੁਜ਼ਾਹਰੇ ਵੀ ਕਰਨ ਜਾ ਰਹੀਆਂ ਹਨ। ਉਹ ਦੇਸ਼ ਨੂੰ ਦੱਸਣ ਜਾ ਰਹੀਆਂ ਹਨ ਕਿ ਕਿਵੇਂ ਦੇਸ਼ ਵਿਚ ਬੀਬੀਆਂ ਪ੍ਰਤੀ ਨਾ-ਬਰਾਬਰੀ ਦਾ ਅਹਿਸਾਸ ਵੱਧਦਾ ਜਾ ਰਿਹਾ ਹੈ ਅਤੇ ਦਿਨ ਪ੍ਰਤੀ ਦਿਨ ਹੋਣ ਵਾਲੇ ਅਤਿਆਚਾਰ ਅਤੇ ਸਰੀਰਕ ਸ਼ੋਸ਼ਣ ਦੀਆਂ ਖ਼ਬਰਾਂ ਵੱਧਦੀਆਂ ਹੀ ਜਾ ਰਹੀਆਂ ਹਨ, ਜਿਨ੍ਹਾਂ ਵਿਚ ਕਿ ਸਰਕਾਰ ਦੇ ਉਚੇ ਅਹੁਦਿਆਂ 'ਤੇ ਤਾਇਨਾਤ ਮੰਤਰੀ ਅਤੇ ਅਫ਼ਸਰ ਵੀ ਸ਼ਾਮਿਲ ਹਨ ਅਤੇ ਕਿਵੇਂ ਸਕੌਟ ਮੌਰੀਸਨ ਸਰਕਾਰ ਇਨ੍ਹਾਂ ਨੂੰ ਰੋਕਣ ਵਿਚ ਅਸਫਲ ਰਹੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News