ਸ਼ਾਹੀ ਪਰਿਵਰ ਦੇ ਯੁਵਰਾਜ ਫਿਲਿਪ ਨੇ ਮਨਾਇਆ 99ਵਾਂ ਜਨਮਦਿਨ
Thursday, Jun 11, 2020 - 04:28 PM (IST)

ਲੰਡਨ- ਬ੍ਰਿਟੇਨ ਦੇ ਯੁਵਰਾਜ ਫਿਲਿਪ ਨੇ ਆਪਣਾ 99ਵਾਂ ਜਨਮਦਿਨ ਬੁੱਧਵਾਰ ਨੂੰ ਦੱਖਣੀ-ਪੱਛਮੀ ਇੰਗਲੈਂਡ ਦੇ ਵਿੰਡਸਰ ਕੈਸਲ ਵਿਚ ਆਪਣੀ ਪਤਨੀ, ਮਹਾਰਾਣੀ ਐਲਿਜਾਬੈੱਥ-ਦੂਜੀ ਨਾਲ ਮਨਾਇਆ। ਡਿਊਕ ਆਫ ਐਡਿਨਬਰਗ ਅਤੇ 94 ਸਾਲਾ ਮਹਾਰਾਣੀ ਦਾ ਵਿਆਹ 72 ਸਾਲ ਪਹਿਲਾਂ ਹੋਇਆ ਸੀ। ਇਹ ਜੋੜਾ ਮਾਰਚ ਵਿਚ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਫੈਲਣ ਦੀ ਸ਼ੁਰੂਆਤ ਤੋਂ ਹੀ ਵਿੰਡਸਰ ਕੈਸਲ ਵਿਚ ਵੱਖਰਾ ਰਹਿ ਰਿਹਾ ਹੈ।
ਬਕਿੰਘਮ ਪੈਲਸ ਨੇ ਸ਼ਾਹੀ ਜੋੜੇ ਦੀ ਇਕ ਨਵੀਂ ਤਸਵੀਰ ਵੀ ਜਾਰੀ ਕੀਤੀ ਜੋ ਪਹਿਲੀ ਜੂਨ ਨੂੰ ਲਈ ਗਈ ਸੀ। ਕੋਵਿਡ-19 ਮਹਾਮਾਰੀ ਕਾਰਨ ਬਜ਼ੁਰਗਾਂ ਨੂੰ ਮਿਲਣ 'ਤੇ ਲੱਗੀ ਪਾਬੰਦੀ ਕਾਰਨ ਉਨ੍ਹਾਂ ਨੇ ਕਿਸੇ ਨਾਲ ਵੀ ਮੁਲਾਕਾਤ ਨਹੀਂ ਕੀਤੀ ਤੇ ਨਾ ਹੀ ਕੋਈ ਯੋਜਨਾ ਹੈ। ਸ਼ਾਹੀ ਪਰਿਵਾਰ ਨੇ ਜੂਮ ਅਤੇ ਹੋਰ ਆਨਲਾਈਨ ਮੀਡੀਆ ਰਾਹੀਂ ਯੁਵਰਾਜ ਫਿਲਿਪ ਨੂੰ ਜਨਮਦਿਨ ਦੀ ਵਧਾਈ ਦਿੱਤੀ।
ਬ੍ਰਿਟੇਨ ਦੇ ਹਥਿਆਰਬੰਦ ਫੌਜ ਦੀਆਂ ਕਈ ਇਕਾਈਆਂ ਨੇ ਫਿਲਿਪ ਨੂੰ ਵਧਾਈ ਦਿੱਤੀ। ਉਹ ਰਾਇਲ ਮਰੀਨ ਵਿਚ ਕੈਪਟਨ ਜਨਰਲ ਵੀ ਰਹਿ ਚੁੱਕੇ ਹਨ। ਰਾਇਲ ਮਰੀਨ ਨੇ ਆਪਣੇ ਅਧਿਕਾਰਕ ਟਵਿੱਟਰ 'ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੇਵਾਕਾਲ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਪਿਛਲੇ ਸਾਲ ਦਸੰਬਰ ਵਿਚ ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਚਾਰ ਦਿਨ ਹਸਪਤਾਲ ਵਿਚ ਰਹਿਣ ਮਗਰੋਂ ਉਨ੍ਹਾਂ ਨੂੰ ਛੁੱਟੀ ਮਿਲੀ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਜਨਤਕ ਰੂਪ ਨਾਲ ਨਹੀਂ ਦੇਖਿਆ ਗਿਆ।