ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਗਲੇ ਹਫ਼ਤੇ ਜਾਣਗੇ ਅਮਰੀਕਾ
Tuesday, Sep 14, 2021 - 04:27 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਗਲੇ ਹਫ਼ਤੇ ਅਮਰੀਕਾ ਜਾਣਗੇ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਮੌਰੀਸਨ ਕਵਾਡ ਬੈਠਕ ਵਿਚ ਵੀ ਸ਼ਿਰਕਤ ਕਰਨਗੇ। ਜਾਣਕਾਰੀ ਮੁਤਾਬਕ ਬਾਈਡੇਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਮੌਰੀਸਨ ਆਪਣੀ ਪਹਿਲੀ ਅਮਰੀਕਾ ਫੇਰੀ ਦੌਰਾਨ 21 ਤੋਂ 24 ਸਤੰਬਰ ਤੱਕ ਵਾਸ਼ਿੰਗਟਨ ਡੀਸੀ ਦੀ ਯਾਤਰਾ ਕਰਨਗੇ।
ਮੌਰੀਸਨ ਨੇ ਅੱਜ ਪੱਤਰਕਾਰ ਸੰਮੇਲਨ ਵਿਚ ਕਿਹਾ,“ਮੈਂ ਆਪਣੇ 70 ਸਾਲਾਂ ਦੇ ਗੱਠਜੋੜ ਦੀ ਪੁਸ਼ਟੀ ਕਰਨ, ਸਾਡੀ ਸੁਰੱਖਿਆ ਅਤੇ ਆਰਥਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕਰਨ ਲਈ ਉਤਸੁਕ ਹਾਂ।” ਮੌਰੀਸਨ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ, ਕਵਾਡ ਨੇਤਾਵਾਂ ਦੀ ਪਹਿਲੀ ਆਹਮੋ-ਸਾਹਮਣੇ ਬੈਠਕ ਵਿੱਚ ਵੀ ਹਿੱਸਾ ਲੈਣਗੇ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਆਸਟ੍ਰੇਲੀਆ ਦੀ ਰਾਜਧਾਨੀ 'ਚ 15 ਅਕਤੂਬਰ ਤੱਕ ਵਧੀ ਤਾਲਾਬੰਦੀ
ਮੌਰੀਸਨ ਨੇ ਕਿਹਾ,“ਇਸ ਮਹੱਤਵਪੂਰਣ ਸਮੂਹ ਨੂੰ ਮੁੜ ਸੁਰਜੀਤ ਕਰਨ ਨਾਲ ਇੰਡੋ-ਪੈਸੀਫਿਕ ਕੋਵਿਡ-19 ਖ਼ਿਲਾਫ਼ ਸਾਡੀ ਵਚਨਬੱਧਤਾ ਅਤੇ ਸਾਡੇ ਖੇਤਰ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਪ੍ਰਤੀ ਸਾਡੀ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕਰਦਾ ਹੈ।” ਜ਼ਿਕਰਯੋਗ ਹੈ ਕਿ ਕਵਾਡ ਚਾਰ ਮਹਾਨ ਲੋਕਤੰਤਰਾਂ ਦੀ ਨੁਮਾਇੰਦਗੀ ਕਰਦਾ ਹੈ ਜੋ ਇੰਡੋ-ਪੈਸੀਫਿਕ ਖੇਤਰ ਲਈ ਸਾਂਝੇਦਾਰੀ ਵਿੱਚ ਕੰਮ ਕਰ ਰਹੇ ਹਨ ਜੋ ਖੁੱਲ੍ਹੇ, ਸਮਾਵੇਸ਼ੀ, ਲਚਕੀਲੇ ਅਤੇ ਸਾਂਝੇ ਸਿਧਾਂਤਾਂ 'ਤੇ ਆਧਾਰਿਤ ਹੈ।" ਮੌਰੀਸਨ ਮੁਤਾਬਕ ਉਹ 26 ਸਤੰਬਰ ਨੂੰ ਆਸਟ੍ਰੇਲੀਆ ਵਾਪਸ ਆਉਣ 'ਤੇ ਕੁਆਰੰਟੀਨ ਨਿਯਮਾਂ ਦੀ ਪਾਲਣਾ ਕਰਨਗੇ।