ਪਾਕਿਸਤਾਨ ''ਚ ਪੈਟਰੋਲ ਨਾਲੋਂ ਵੀ ਮਹਿੰਗੀ ਹੋਈ ''ਖੰਡ'', ਇਮਰਾਨ ਖਾਨ ਦੇ ਦਾਅਵੇ ਹੋਏ ਅਸਫਲ

11/05/2021 12:23:28 PM

ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਵਿਚ ਮਹਿੰਗਾਈ ਆਪਣੇ ਰਿਕਾਰਡ ਕਾਇਮ ਕਰ ਰਹੀ ਹੈ ਅਤੇ ਜਨਤਾ ਦਾ ਬੁਰਾ ਹਾਲ ਹੈ। ਇਮਰਾਨ ਖਾਨ ਸਰਕਾਰ ਦੇ ਸਾਰੇ ਦਾਅਵਿਆਂ ਦੇ ਬਾਅਦ ਵੀ ਪਾਕਿਸਤਾਨ ਵਿਚ ਲੋੜੀਂਦੀਆਂ ਵਸਤਾਂ ਕੀਆਂ ਕੀਮਤਾਂ ਵੱਧਦੀਆਂ ਜਾ ਰਹੀਆਂ ਹਨ।ਹਾਲਾਤ ਅਜਿਹੇ ਹੋ ਗਏ ਹਨ ਕਿ ਦੇਸ਼ ਵਿਚ ਖੰਡ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਅਤੇ ਪੈਟਰੋਲ ਤੋਂ ਵੀ ਜ਼ਿਆਦਾ ਹੋ ਗਈਆਂ ਹਨ। ਪਾਕਿਸਤਾਨ ਵਿਚ ਖੰਡ ਜਿੱਥੇ 150 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਉੱਥੇ ਇਕ ਲੀਟਰ ਪੈਟਰੋਲ 138.50 ਰੁਪਏ ਵਿਚ ਵਿਕ ਰਿਹਾ ਹੈ।

ਪਾਕਿਸਤਾਨੀ ਅਖ਼ਬਾਰ ਜੀਓ ਨਿਊਜ਼ ਮੁਤਾਬਕ ਦੇਸ਼ ਦੇ ਕਈ ਸ਼ਹਿਰਾਂ ਵਿਚ ਖੰਡ ਦੀਆਂ ਕੀਮਤਾਂ ਹੁਣ ਪੈਟਰੋਲ ਤੋਂ ਜ਼ਿਆਦਾ ਹੋ ਗਈਆਂ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਖੰਡ ਦੀਆਂ ਕੀਮਤਾਂ 8 ਰੁਪਏ ਪ੍ਰਤੀ ਕਿਲੋ ਵੱਧ ਗਈਆਂ ਹਨ। ਇੱਥੇ ਖੰਡ ਥੋਕ ਵਿਚ 140 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਜਦਕਿ ਖੁਦਰਾ ਮੁੱਲ 150 ਰੁਪਏ ਪ੍ਰਤੀ ਕਿਲੋ ਹੋ ਚੁੱਕਾ ਹੈ। ਉੱਧਰ ਲਾਹੌਰ ਵਿਚ ਖੰਡ ਦੀ ਜਮਾਂਖੋਰੀ ਸ਼ੁਰੂ ਹੋ ਗਈ ਹੈ ਅਤੇ ਜ਼ਿਆਦਾ ਕਮਾਈ ਲਈ ਖੰਡ ਦੀ ਨਕਲੀ ਕਮੀ ਦਿਖਾਈ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿ : ਸਿੰਧ ਦੇ ਮੁੱਖ ਮੰਤਰੀ ਨੇ ਦੀਵਾਲੀ ਮੌਕੇ ਦਿੱਤੀ ਹੋਲੀ ਦੀ ਵਧਾਈ, ਹੋਏ ਟਰੋਲ

ਇਮਰਾਨ ਦਾ ਪੈਕੇਜ ਰਿਹਾ ਅਸਫਲ
ਬਾਜ਼ਾਰ ਸੂਤਰਾਂ ਮੁਤਾਬਕ ਪਾਕਿਸਤਾਨ ਵਿਚ ਖੰਡ ਦੀਆਂ ਕੀਮਤਾਂ 9 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੱਧ ਗਈਆਂ ਹਨ। ਇੱਥੇ ਖੰਡ 140 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਕਰਾਚੀ ਵਿਚ ਖੰਡ ਦੀ ਕੀਮਤ 12 ਰੁਪਏ ਪ੍ਰਤੀ ਕਿਲੋ ਵੱਧ ਗਈ ਹੈ। ਇੱਥੇ ਖੰਡ ਦੀ ਕੀਮਤ 142 ਰੁਪਏ ਤੱਕ ਪਹੁੰਚ ਗਈ ਹੈ ਜੋ ਇਤਿਹਾਸ ਵਿਚ ਸਭ ਤੋਂ ਵੱਧ ਹੈ। ਕਵੇਟਾ ਸ਼ਹਿਰ ਵਿਚ ਵੀ ਖੰਡ 129 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ।

ਪਾਕਿਸਤਾਨ ਵਿਚ ਮਹਿੰਗਾਈ ਨਾਲ ਬੁਰਾ ਹਾਲ ਹੈ ਅਤੇ ਇਸ ਨੂੰ ਘੱਟ ਕਰਨ ਲਈ ਇਮਰਾਨ ਖਾਨ ਨੇ ਹਾਲ ਹੀ ਵਿਚ ਇਕ ਪੈਕੇਜ ਦਾ ਐਲਾਨ ਕੀਤਾ ਸੀ। ਇਮਰਾਨ ਦਾ ਇਹ ਪੈਕੇਜ ਵੀ ਦੇਸ਼ ਵਿਚ ਮਹਿੰਗਾਈ ਰੋਕਣ ਵਿਚ ਅਸਫਲ ਰਿਹਾ ਹੈ। ਪਿਛਲੇ ਦਿਨੀਂ ਪਾਕਿਸਤਾਨ ਵਿਚ ਵੱਧਦੀ ਮਹਿੰਗਾਈ ਦੇ ਵਿਰੋਧ ਵਿਚ ਪੀ.ਐੱਮ.ਐੱਲ-ਐੱਨ ਦੇ ਐੱਮ.ਪੀ.ਏ. (ਵਿਧਾਇਕ) ਤਾਰਿਕ ਸਲੀਹ ਸਬਜ਼ੀਆਂ ਦੀ ਮਾਲਾ ਪਹਿਨ ਕੇ ਅਤੇ ਸਾਇਕਲ 'ਤੇ ਸਵਾਰ ਹੋ ਕੇ ਪੰਜਾਬ ਵਿਧਾਨਸਭਾ ਦੇ ਸੈਸ਼ਨ ਵਿਚ ਹਿੱਸਾ ਲੈਣ ਪਹੁੰਚੇ ਸਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News