ਮੇਰੇ ‘ਕੋਰਟ ਮਾਰਸ਼ਲ’ ਲਈ ਤਿਆਰੀ ਪੂਰੀ : ਇਮਰਾਨ ਖਾਨ

06/10/2023 2:58:04 AM

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਦੇ ‘ਕੋਰਟ ਮਾਰਸ਼ਲ’ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਤੋਂ ਪਹਿਲਾਂ ਦੇਸ਼ ਦੀ ਸ਼ਕਤੀਸ਼ਾਲੀ ਫੌਜ ਨੇ ਕਿਹਾ ਸੀ ਕਿ 9 ਮਈ ਨੂੰ ਹੋਈ ਹਿੰਸਾ ਦੇ ‘ਸਾਜ਼ਿਸ਼ਕਾਰਾਂ’ ਦੇ ਖਿਲਾਫ ਫੌਜੀ ਅਦਾਲਤਾਂ ’ਚ ਸੁਣਵਾਈ ਕੀਤੀ ਜਾਵੇਗੀ।

ਇਕ ਦਿਨ ਪਹਿਲਾਂ ਹੀ ਦੇਸ਼ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ 9 ਮਈ ਦੀ ਹਿੰਸਾ ਲਈ ਖਾਨ ਨੂੰ ਜ਼ਿੰਮੇਵਾਰ ਦੱਸਿਆ ਸੀ। ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਭਰ ’ਚ ਹਿੰਸਾ ਫੈਲ ਗਈ ਸੀ। ਖਾਨ ਵੀਰਵਾਰ ਨੂੰ 10 ਵੱਖ-ਵੱਖ ਮਾਮਲਿਆਂ ਦੇ ਸਿਲਸਿਲੇ ’ਚ ਇਸਲਾਮਾਬਾਦ ਹਾਈ ਕੋਰਟ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਧਾਨ ਖਾਨ (70) ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਇਕ ਫੌਜੀ ਅਦਾਲਤ ਵੱਲੋਂ ਉਨ੍ਹਾਂ ਦੀ ਸੁਣਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਫੌਜੀ ਅਦਾਲਤ ’ਚ ਇਕ ਗ਼ੈਰ ਫ਼ੌਜੀ ਦੀ ਸੁਣਵਾਈ ਨੂੰ ਪਾਕਿਸਤਾਨ ’ਚ ‘ਲੋਕਤੰਤਰ ਦਾ ਅੰਤ’ ਅਤੇ ‘ਨਿਆਂ ਦਾ ਅੰਤ’ ਦੱਸਿਆ।

ਅਖਬਾਰ ‘ਡਾਨ’ ਨੇ ਖਾਨ ਦੇ ਹਵਾਲੇ ਨਾਲ ਕਿਹਾ ਕਿ ਫੌਜੀ ਅਦਾਲਤ ’ਚ ਮੁਕੱਦਮਾ ਗ਼ੈਰ-ਕਾਨੂੰਨੀ ਹੋਵੇਗਾ। ਖਾਨ ਨੇ ਕਿਹਾ ਕਿ ਉਹ ਲੋਕ ਜਾਣਦੇ ਹਨ ਕਿ ਮੇਰੇ ਖਿਲਾਫ ਦਰਜ 150 ਤੋਂ ਵੱਧ ਮਾਮਲੇ ਬੇਬੁਨਿਆਦ ਹਨ ਅਤੇ ਇਨ੍ਹਾਂ ਫਰਜ਼ੀ ਮਾਮਲਿਆਂ ’ਚ ਮੈਨੂੰ ਦੋਸ਼ੀ ਠਹਿਰਾਏ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ, ਇਸ ਲਈ ਉਨ੍ਹਾਂ ਨੇ ਫੌਜੀ ਅਦਾਲਤ ’ਚ ਮੇਰਾ ਮੁਕੱਦਮਾ ਚਲਾਉਣ ਦਾ ਫੈਸਲਾ ਕੀਤਾ ਹੈ।

ਖਾਨ ਨੇ ਪਾਰਟੀ ਦੇ ਅੰਦਰ ਲਾਂਭੇ ਕੀਤੇ ਜਾਣ ਦੀਆਂ ਅਟਕਲਾਂ ਨੂੰ ਦੂਰ ਕੀਤਾ ਅਤੇ ਪਾਕਿਸਤਾਨ ਛੱਡਣ ਦੀਆਂ ਅਫਵਾਹਾਂ ਨੂੰ ਵੀ ਖਾਰਿਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਹੋਰ ਦੇਸ਼ ’ਚ ਰਹਿਣ ਲਈ ਮੇਰੇ ਕੋਲ ਪੈਸਾ ਨਹੀਂ ਹੈ ਕਿਉਂਕਿ ਬ੍ਰਿਟਿਸ਼ ਪੌਂਡ 400 ਪਾਕਿਸਤਾਨੀ ਰੁਪਏ ਨੂੰ ਪਾਰ ਕਰ ਗਿਆ ਹੈ ਅਤੇ ਮੈਂ ਉੱਥੇ ਰਹਿਣ ਦਾ ਖਰਚਾ ਨਹੀਂ ਝੱਲ ਸਕਦਾ। ਖਾਨ ਨੇ ਪੀ. ਟੀ. ਆਈ. ਦੇ ਉਪ-ਪ੍ਰਧਾਨ ਸ਼ਾਹ ਮਹਿਮੂਦ ਕੁਰੈਸ਼ੀ ਦੇ ਨਾਲ ਮੁਲਾਕਾਤ ਦੀਆਂ ਅਫਵਾਹਾਂ ਨੂੰ ਵੀ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਨਾਲ ਉਨ੍ਹਾਂ ਦੇ ਸੁਹਿਰਦ ਸਬੰਧ ਹਨ। ਇਸ ਤੋਂ ਪਹਿਲਾਂ ਖਾਨ ਰਾਵਲਪਿੰਡੀ ’ਚ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਦੇ ਦਫ਼ਤਰ ’ਚ 4 ਘੰਟੇ ਰਹੇ ਅਤੇ ਅਲ ਕਾਦਿਰ ਭ੍ਰਿਸ਼ਟਾਚਾਰ ਮਾਮਲੇ ’ਚ ਬਿਊਰੋ ਦੇ ਸਵਾਲਾਂ ਦਾ ਵਿਸਤਾਰ ਨਾਲ ਜਵਾਬ ਦਿੱਤਾ।
 


Manoj

Content Editor

Related News