ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੋਰਗੋ ਹਰਮਾਦਾ ਵਿਖੇ ਲੱਗੀਆਂ ਰੌਣਕਾਂ
Wednesday, Nov 09, 2022 - 05:43 AM (IST)
ਰੋਮ (ਕੈਂਥ) : ਸਿੱਖ ਧਰਮ ਦੇ ਮੋਢੀ ਅਤੇ 15ਵੀਂ ਸਦੀ ਦੇ ਮਹਾਨ ਸਮਾਜ ਸੁਧਾਰਕ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ 553ਵਾਂ ਆਗਮਨ ਪੁਰਬ ਦੁਨੀਆ ਭਰ ਵਿੱਚ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਸ਼ਾਨੋ-ਸ਼ੌਕਤ ਤੇ ਧੂਮਧਾਮ ਨਾਲ ਮਨਾਇਆ ਗਿਆ। ਇਟਲੀ ਵਿੱਚ ਵੀ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਸਵੇਰ ਤੋਂ ਹੀ ਬਹੁ-ਗਿਣਤੀ ਵਿੱਚ ਨਤਮਸਤਕ ਹੋਈਆਂ। ਸਮੂਹ ਗੁਰਦੁਆਰਾ ਸਾਹਿਬ ਦੀ ਜਿੱਥੇ ਵਿਸ਼ੇਸ਼ ਦੀਪਮਾਲਾ ਕੀਤੀ ਗਈ, ਉੱਥੇ ਹੀ ਵਿਸ਼ਾਲ ਦੀਵਾਨ ਵੀ ਸਜਾਏ ਗਏ, ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕੀਰਤਨੀਏ ਤੇ ਕਥਾਵਾਚਕਾਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ। ਇਟਲੀ ਦੇ ਲਾਸੀਓ ਸੂਬੇ ਵਿੱਚ ਵੀ ਗੁਰਦੁਆਰਾ ਸਾਹਿਬ ਦੀ ਕੀਤੀ ਦੀਪਮਾਲਾ ਦੇਖਣਯੋਗ ਸੀ।
ਇਹ ਵੀ ਪੜ੍ਹੋ : ਨੇਪਾਲ 'ਚ ਕੰਬੀ ਧਰਤੀ, ਦੇਰ ਰਾਤ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਦਿੱਲੀ-NCR
ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਵਿਖੇ ਇਸ ਪਵਿੱਤਰ ਦਿਹਾੜੇ ਮੌਕੇ ਨਿਸ਼ਾਨ ਸਾਹਿਬ ਦੀ ਸੇਵਾ ਸੰਗਤਾਂ ਵੱਲੋਂ ਬਹੁਤ ਸ਼ਰਧਾਪੂਰਵਕ ਨਿਭਾਉਂਦਿਆਂ ਗੁਰੂ ਦੇ ਜੈਕਾਰੇ ਲਗਾਏ ਗਏ। ਇਸ ਸੁਹਾਵਣੇ ਮਾਹੌਲ ਵਿੱਚ ਬੱਚਿਆਂ ਵੱਲੋਂ ਪਟਾਕੇ ਵੀ ਚਲਾਏ ਗਏ। ਗੁਰਪੁਰਬ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਦੇ ਕਵੀਸ਼ਰ ਜਥੇ ਗਿਆਨੀ ਅੰਗਰੇਜ਼ ਸਿੰਘ ਤੇ ਗਿਆਨੀ ਬਖਤਾਵਰ ਸਿੰਘ ਨੇ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਕਵੀਸ਼ਰ ਵਾਰਾਂ ਰਾਹੀਂ ਜੀਵਨ ਬਿਰਤਾਂਤ ਸੰਗਤਾਂ ਨੂੰ ਸਰਵਣ ਕਰਵਾਇਆ। ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਵੀ ਸ਼ਬਦਾਂ ਗਾ ਕੇ ਹਾਜ਼ਰੀ ਲਵਾਈ ਗਈ। ਬੋਰਗੋ ਹਰਮਾਦਾ ਤੋਂ ਇਲਾਵਾ ਇਲਾਕੇ ਭਰ ਤੋਂ ਸੰਗਤਾਂ ਨੇ ਦੇਰ ਰਾਤ ਤੱਕ ਗੁਰਦੁਆਰਾ ਸਾਹਿਬ 'ਚ ਹਾਜ਼ਰੀ ਭਰੀ।
ਇਹ ਵੀ ਪੜ੍ਹੋ : ਮਿਲ ਗਿਆ ਕਲਿਯੋਪੇਟਰਾ ਦਾ ਮਕਬਰਾ, ਚੱਟਾਨ ’ਚ ਬਣੀ ਸੁਰੰਗ 'ਚ 43 ਫੁੱਟ ਹੇਠਾਂ ਮਿਲਿਆ ਜਿਆਮਿਤਿਕ ਚਮਤਕਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।