ਪਾਕਿ-ਸਾਊਦੀ ਰੱਖਿਆ ਸਮਝੌਤੇ ’ਚ ਹੋਰ ਅਰਬ ਦੇਸ਼ਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ : ਆਸਿਫ
Saturday, Sep 20, 2025 - 11:17 AM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਅਤੇ ਸਾਊਦੀ ਅਰਬ ਵਿਚਕਾਰ ਆਪਸੀ ਰੱਖਿਆ ਸਮਝੌਤੇ ਵਿਚ ਹੋਰ ਅਰਬ ਦੇਸ਼ਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਿਕਾਸ ਲਈ ਦਰਵਾਜ਼ੇ ਬੰਦ ਨਹੀਂ ਹਨ।
ਪਾਕਿਸਤਾਨ ਅਤੇ ਸਾਊਦੀ ਅਰਬ ਨੇ ਇਕ ‘ਰਣਨੀਤਕ ਆਪਸੀ ਰੱਖਿਆ’ ਸਮਝੌਤੇ ’ਤੇ ਦਸਤਖਤ ਕੀਤੇ ਹਨ, ਜਿਸ ਅਨੁਸਾਰ ਕਿਸੇ ਵੀ ਦੇਸ਼ ’ਤੇ ਕਿਸੇ ਵੀ ਹਮਲੇ ਨੂੰ ਦੋਵਾਂ ਵਿਰੁੱਧ ਹਮਲਾ ਮੰਨਿਆ ਜਾਵੇਗਾ।
ਇਕ ਸਾਂਝੇ ਬਿਆਨ ਅਨੁਸਾਰ ਇਸ ਸਮਝੌਤੇ ’ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਬੁੱਧਵਾਰ ਪਾਕਿਸਤਾਨੀ ਨੇਤਾ ਦੀ ਖਾੜੀ ਦੇਸ਼ ਦੀ ਇਕ ਦਿਨਾ ਯਾਤਰਾ ਦੌਰਾਨ ਦਸਤਖਤ ਕੀਤੇ ਸਨ।
ਇਹ ਸਮਝੌਤਾ ਖਾੜੀ ਖੇਤਰ ਵਿਚ ਅਮਰੀਕਾ ਦੇ ਇਕ ਮੁੱਖ ਸਹਿਯੋਗੀ ਕਤਰ ਵਿਚ ਹਮਾਸ ਲੀਡਰਸ਼ਿਪ ’ਤੇ ਇਜ਼ਰਾਈਲੀ ਹਮਲੇ ਤੋਂ ਕੁਝ ਦਿਨ ਬਾਅਦ ਹੋਇਆ ਹੈ।