ਯੂਕੇ ''ਚ ਖਤਰਨਾਕ ਪੱਧਰ ''ਤੇ ਪਹੁੰਚਿਆ ਪ੍ਰਦੂਸ਼ਣ, ਮੇਅਰ ਨੇ ਜਾਰੀ ਕੀਤੀ ਐਡਵਾਇਜ਼ਰੀ
Wednesday, Jan 25, 2023 - 12:57 PM (IST)
ਲੰਡਨ (ਬਿਊਰੋ) ਯੂਰਪ ਦੇ ਕਈ ਦੇਸ਼ ਇਨ੍ਹੀਂ ਦਿਨੀਂ ਪ੍ਰਦੂਸ਼ਣ ਕਾਰਨ ਪ੍ਰੇਸ਼ਾਨ ਹਨ। ਯੂਕੇ 'ਚ ਹਾਲਾਤ ਇੰਨੇ ਵਿਗੜ ਗਏ ਹਨ ਕਿ ਲੰਡਨ ਦੇ ਮੇਅਰ ਨੂੰ ਲੋਕਾਂ ਨੂੰ ਕਾਰਾਂ ਨਾ ਕੱਢਣ ਦੀ ਐਡਵਾਈਜ਼ਰੀ ਤੱਕ ਜਾਰੀ ਕਰਨੀ ਪਈ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਮੰਗਲਵਾਰ ਨੂੰ ਉੱਚ ਹਵਾ ਪ੍ਰਦੂਸ਼ਣ ਦੀ ਚੇਤਾਵਨੀ ਜਾਰੀ ਕਰਦਿਆਂ ਲੰਡਨ ਵਾਸੀਆਂ ਨੂੰ ਅਗਲੇ ਕੁਝ ਦਿਨਾਂ ਵਿੱਚ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਲੋੜ ਨਾ ਹੋਵੇ ਤਾਂ ਲੋਕਾਂ ਨੂੰ ਕਾਰ ਰਾਹੀਂ ਸਫ਼ਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ ਦੀ ਰਾਜਧਾਨੀ 'ਚ ਪਿਛਲੇ ਕੁਝ ਦਿਨਾਂ ਤੋਂ ਭਿਆਨਕ ਹਵਾ ਪ੍ਰਦੂਸ਼ਣ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਲੰਡਨ ਵਿੱਚ ਹਵਾ ਪ੍ਰਦੂਸ਼ਣ ਦੀ ਗੁਣਵੱਤਾ ਨੂੰ ਮਾਪਣ ਵਾਲੀ ਵੈੱਬਸਾਈਟ AQI ਮੁਤਾਬਕ ਉੱਥੇ ਪ੍ਰਦੂਸ਼ਣ ਦਾ ਪੱਧਰ 58 ਦਰਜ ਕੀਤਾ ਗਿਆ ਹੈ। ਇਸ ਨੂੰ ਪ੍ਰਦੂਸ਼ਣ ਦਾ ਇੱਕ ਮੱਧਮ ਪੱਧਰ ਮੰਨਿਆ ਜਾਂਦਾ ਹੈ। ਬ੍ਰਿਟਿਸ਼ ਮੀਡੀਆ ਦੀ ਰਿਪੋਰਟ ਮੁਤਾਬਕ ਲੰਡਨ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਠੰਡ ਅਤੇ ਧੁੰਦ ਕਾਰਨ ਵੀ ਖਤਰਨਾਕ ਹੁੰਦਾ ਜਾ ਰਿਹਾ ਹੈ। ਮੇਅਰ ਦਾ ਦਫ਼ਤਰ ਟਰਾਂਸਪੋਰਟ ਫਾਰ ਲੰਡਨ (TfL) ਨੈੱਟਵਰਕ 'ਤੇ ਪ੍ਰਦੂਸ਼ਣ ਚੇਤਾਵਨੀਆਂ ਨੂੰ ਪ੍ਰਦਰਸ਼ਿਤ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਇਲਾਵਾ ਸਕੂਲਾਂ ਵਿੱਚ ਵੀ ਅਜਿਹੀ ਜਾਣਕਾਰੀ ਦਿਖਾਈ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ 'ਚ ਵਾਲੰਟੀਅਰ ਵਜੋਂ ਕੰਮ ਕਰ ਰਹੇ ਦੋ ਬ੍ਰਿਟਿਸ਼ ਨਾਗਰਿਕਾਂ ਦੀ ਮੌਤ
ਮੇਅਰ ਸਾਦਿਕ ਖਾਨ ਨੇ ਲੰਡਨ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਅਲਟਰਾ ਲੋਅ ਐਮੀਸ਼ਨ ਜ਼ੋਨ (ULEZ) ਦਾ ਵਿਸਥਾਰ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਦਰਅਸਲ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਾਵਾਂ ਦੇ ਹਿੱਸੇ ਵਜੋਂ, ਇਸ ਸਾਲ ਅਗਸਤ ਤੋਂ, ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ 'ਤੇ ਜੁਰਮਾਨੇ ਵਧਾ ਦਿੱਤੇ ਗਏ ਹਨ। ਯੂਐਲਈਜ਼ੈੱਡ ਸਕੀਮ ਦੇ ਤਹਿਤ ਲੰਡਨ ਦੀਆਂ ਕਈ ਅੰਦਰੂਨੀ ਸੜਕਾਂ 'ਤੇ ਡਰਾਈਵਰਾਂ ਤੋਂ 12.50 ਪੌਂਡ (1,256 ਰੁਪਏ) ਵਸੂਲੇ ਜਾਂਦੇ ਹਨ।ਅੰਕੜਿਆਂ ਦੇ ਅਨੁਸਾਰ ਯੂਕੇ ਵਿੱਚ AQI ਪੱਧਰ ਨੂੰ 0-3 ਦੇ ਵਿਚਕਾਰ ਘੱਟ, 4-6 ਦੇ ਵਿਚਕਾਰ ਮੱਧਮ, 7-9 ਦੇ ਵਿਚਕਾਰ ਉੱਚ ਅਤੇ 10 ਤੋਂ ਉੱਪਰ ਨੂੰ ਬਹੁਤ ਉੱਚ ਮੰਨਿਆ ਜਾਂਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
