ਪਾਕਿਸਤਾਨ ''ਚ ਹਿੰਦੂ ਨੌਜਵਾਨ ਦੇ ਕਤਲ ਦੇ ਦੋਸ਼ ''ਚ ਪੁਲਸ ਅਧਿਕਾਰੀ ''ਤੇ ਮਾਮਲਾ ਦਰਜ
Thursday, May 04, 2023 - 03:46 PM (IST)
ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਮੁੱਠਭੇੜ ਵਿੱਚ ਇੱਕ ਹਿੰਦੂ ਮੁੰਡੇ ਦਾ ਕਥਿਤ ਤੌਰ 'ਤੇ ਕਤਲ ਕਰਨ ਦੇ ਦੋਸ਼ ਵਿੱਚ ਇੱਕ ਪਾਕਿਸਤਾਨੀ ਪੁਲਸ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਦੋਸ਼ੀ ਫਰਮਾਨ ਸ਼ਾਹ ਖ਼ਿਲਾਫ਼ ਦੋਸ਼ ਉਦੋਂ ਦਰਜ ਕੀਤੇ ਗਏ, ਜਦੋਂ ਮ੍ਰਿਤਕ ਦੇ ਪਿਤਾ ਵੱਲੋਂ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੇ ਪੁੱਤਰ ਕਮਲ ਕਿਸ਼ਨ ਨੂੰ ਪੁਲਸ ਅਧਿਕਾਰੀ ਨੇ ਬਿਨਾਂ ਕਿਸੇ ਕਾਰਨ ਦੇ ਗੋਲੀ ਮਾਰ ਦਿੱਤੀ ਸੀ।
ਐੱਫ.ਆਈ.ਆਰ. ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਮੁੰਡਾ ਅਤੇ ਉਸ ਦੇ ਦੋਸਤ ਦਾ ਮੁੰਡਾ ਅਨਿਲ ਆਪਣੀ ਧੀ ਦੇ ਵਿਆਹ ਲਈ ਵਲੰਟਰੀ ਕਮੇਟੀ (ਵੀਸੀ) ਤੋਂ ਪੈਸੇ ਲੈਣ ਲਈ ਗਏ ਸਨ। ਰਿਪੋਰਟ ਵਿੱਚ ਕਿਹਾ ਗਿਆ ਕਿ 1 ਮਈ ਦੀ ਰਾਤ ਨੂੰ ਘਰ ਪਰਤਦੇ ਸਮੇਂ, ਉਨ੍ਹਾਂ ਨੂੰ ਕਰਾਚੀ ਦੇ ਨਿਊਟਾਊਨ ਪੁਲਸ ਸਟੇਸ਼ਨ ਨੇੜੇ ਇੱਕ ਨਿੱਜੀ ਹਸਪਤਾਲ ਦੇ ਸਾਹਮਣੇ ਪੁਲਸ ਨੇ ਰੋਕ ਲਿਆ। ਉਨ੍ਹਾਂ ਦੀ ਤਲਾਸ਼ੀ ਦੌਰਾਨ ਪੁਲਸ ਨੇ ਕਿਸ਼ਨ ਕੋਲੋਂ ਵੀਸੀ ਵੱਲੋਂ ਦਿੱਤੇ ਗਏ 80 ਹਜ਼ਾਰ ਰੁਪਏ, ਇੱਕ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ। ਇਸ ਦੇ ਨਾਲ ਹੀ ਅਨਿਲ ਨੂੰ ਕਿਸੇ ਹੋਰ ਥਾਂ 'ਤੇ ਲਿਜਾਇਆ ਗਿਆ।ਰਿਪੋਰਟ ਵਿੱਚ ਐਫ.ਆਈ.ਆਰ ਦੇ ਹਵਾਲੇ ਨਾਲ ਕਿਹਾ ਗਿਆ ਕਿ "ਫਰਮਾਨ ਨੇ ਇੱਕ ਗੋਲੀ ਚਲਾਈ, ਜਿਸ ਵਿੱਚ ਕਮਲ ਦੀ ਮੌਤ ਹੋ ਗਈ। ਆਪਣੇ ਅਪਰਾਧ ਨੂੰ ਲੁਕਾਉਣ ਲਈ ਅਨਿਲ ਵਿਰੁੱਧ ਨਿਊ ਟਾਊਨ ਥਾਣੇ ਵਿੱ ਝੂਠਾ ਕੇਸ ਦਰਜ ਕੀਤਾ ਗਿਆ।" ਸ਼ਿਕਾਇਤਕਰਤਾ ਦੇ ਵਕੀਲ ਐਡਵੋਕੇਟ ਬਾਬਰ ਮਿਰਜ਼ਾ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀਅਤ ਸਪੱਸ਼ਟ ਹੋ ਜਾਵੇਗੀ। ਰਿਪੋਰਟ ਵਿਚ ਅੱਗੇ ਕਿਹਾ ਗਿਆ ਕਿ ਐਫ.ਆਈ.ਆਰ. ਤੋਂ ਬਾਅਦ ਦੋਸ਼ੀ ਪੁਲਸ ਅਧਿਕਾਰੀ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਲੋਕਾਂ ਦੀ ਵਧੀ ਮੁਸੀਬਤ, 'ਫਲੋਰ ਮਿੱਲ ਐਸੋਸੀਏਸ਼ਨ' ਨੇ ਕਰ 'ਤਾ ਇਹ ਐਲਾਨ
ਗੌਰਤਲਬ ਹੈ ਕਿ ਹਿੰਦੂ ਪਾਕਿਸਤਾਨ ਵਿੱਚ ਸਭ ਤੋਂ ਵੱਡੀ ਘੱਟ ਗਿਣਤੀ ਭਾਈਚਾਰਾ ਬਣਦੇ ਹਨ। ਸਰਕਾਰੀ ਅੰਦਾਜ਼ੇ ਮੁਤਾਬਕ ਪਾਕਿਸਤਾਨ ਵਿੱਚ 75 ਲੱਖ ਹਿੰਦੂ ਰਹਿੰਦੇ ਹਨ। ਹਾਲਾਂਕਿ, ਭਾਈਚਾਰੇ ਅਨੁਸਾਰ ਦੇਸ਼ ਵਿੱਚ 90 ਲੱਖ ਤੋਂ ਵੱਧ ਹਿੰਦੂ ਰਹਿ ਰਹੇ ਹਨ। ਪਾਕਿਸਤਾਨ ਦੀ ਬਹੁਗਿਣਤੀ ਹਿੰਦੂ ਆਬਾਦੀ ਸਿੰਧ ਪ੍ਰਾਂਤ ਵਿੱਚ ਵਸਦੀ ਹੈ ਜਿੱਥੇ ਉਹ ਮੁਸਲਮਾਨ ਵਸਨੀਕਾਂ ਨਾਲ ਸੱਭਿਆਚਾਰ, ਪਰੰਪਰਾਵਾਂ ਅਤੇ ਭਾਸ਼ਾ ਸਾਂਝੀ ਕਰਦੇ ਹਨ। ਹਿੰਦੂ ਭਾਈਚਾਰੇ ਦੇ ਮੈਂਬਰਾਂ ਵਿਰੁੱਧ ਅਕਸਰ ਕਤਲ, ਜਿਨਸੀ ਹਮਲੇ ਅਤੇ ਧਮਕੀਆਂ ਦੇ ਮਾਮਲੇ ਸਾਹਮਣੇ ਆਉਂਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।