ਪੁਲਸ ਅਧਿਕਾਰੀਆਂ ਨੇ ਨਿਊਯਾਰਕ "ਚ ਬੰਦ ਕਰਵਾਇਆ ਗੈਰ-ਕਾਨੂੰਨੀ ਕਲੱਬ
Tuesday, Dec 22, 2020 - 09:34 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਪੁਲਸ ਅਧਿਕਾਰੀਆਂ ਨੇ ਐਤਵਾਰ ਸਵੇਰੇ ਨਿਊਯਾਰਕ ਸਿਟੀ ਵਿਚ ਕਾਰਵਾਈ ਕਰਦਿਆਂ ਇਕ ਗੈਰ ਕਾਨੂੰਨੀ ਨਾਈਟ ਕਲੱਬ ਨੂੰ ਬੰਦ ਕਰਵਾਇਆ ਹੈ।
ਇਸ ਕਾਰਵਾਈ ਦੌਰਾਨ ਪੁਲਸ ਅਧਿਕਾਰੀ ਤੜਕੇਲਗਭਗ 2:45 ਵਜੇ ਨਿਊਯਾਰਕ ਦੇ ਕਵੀਨਜ਼ ਖੇਤਰ ਦੀ ਇਕ ਇਮਾਰਤ "ਚ ਦਾਖਲ ਹੋਏ ,ਜਿੱਥੇ 164 ਤੋਂ ਜ਼ਿਆਦਾ ਲੋਕਾਂ ਦਾ ਗੈਰ ਕਾਨੂੰਨੀ ਇਕੱਠ ਸੀ। ਅਧਿਕਾਰੀਆਂ ਨੇ ਟਵਿੱਟਰ 'ਤੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇਸ ਕਲੱਬ ਨੇ ਕੋਵਿਡ -19 ਮਹਾਮਾਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ ਅਤੇ ਕਲੱਬ ਕੋਲ ਸ਼ਰਾਬ ਦਾ ਲਾਈਸੈਂਸ ਵੀ ਨਹੀਂ ਸੀ।
ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਨਿਊਯਾਰਕ ਸਿਟੀ ਵਿਚ ਨਿੱਜੀ ਘਰਾਂ ਵਿਚ 10 ਤੋਂ ਵੱਧ ਲੋਕਾਂ ਦੇ ਅੰਦਰੂਨੀ ਜਾਂ ਬਾਹਰੀ ਇਕੱਠ ਕਰਨ ਦੀ ਆਗਿਆ ਨਹੀਂ ਹੈ ਅਤੇ ਸ਼ਹਿਰ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ 50 ਤੋਂ ਵੱਧ ਲੋਕਾਂ ਦੇ ਇਕੱਠ ਕਰਨ ਦੀ ਵੀ ਆਗਿਆ ਨਹੀਂ ਹੈ। ਇਸ ਲਈ ਅਧਿਕਾਰੀਆਂ ਨੇ 164 ਤੋਂ ਜ਼ਿਆਦਾ ਲੋਕਾਂ ਦਾ ਇਕੱਠ, ਐਮਰਜੈਂਸੀ ਆਦੇਸ਼ਾਂ ਦੀ ਉਲੰਘਣਾ, ਸ਼ਰਾਬ ਲਾਇਸੈਂਸ ਦਾ ਨਾ ਹੋਣਾ, ਅੱਗ ਅਤੇ ਸਿਹਤ ਕੋਡ ਦੀ ਉਲੰਘਣਾ ਆਦਿ ਕਰਨ ਲਈ ਇਸ ਕਲੱਬ ਨੂੰ ਬੰਦ ਕਰਨ ਦੇ ਨਾਲ 5 ਵਿਅਕਤੀਆਂ ਉੱਤੇ ਕਈ ਤਰ੍ਹਾਂ ਦੇ ਅਪਰਾਧਿਕ ਦੋਸ਼ ਵੀ ਲਗਾਏ ਹਨ।ਇਸ ਸਾਲ ਮਹਾਮਾਰੀ ਦੌਰਾਨ ਸ਼ਹਿਰ ਦੇ ਅਧਿਕਾਰੀਆਂ ਨੇ ਨਾਜਾਇਜ਼ ਇਕੱਠਾਂ ਨਾਲ ਜੁੜੇ ਸਥਾਨਾਂ ਨੂੰ ਬੰਦ ਕਰਵਾਉਣ ਦੇ ਇਲਾਵਾ ਗ੍ਰਿਫਤਾਰੀਆਂ ਵੀ ਕੀਤੀਆਂ ਹਨ।