ਸਿਆਲਕੋਟ ''ਚ PTI ਦੀ ਰੈਲੀ ਵਾਲੀ ਜਗ੍ਹਾ ਨੂੰ ਖਾਲ੍ਹੀ ਕਰਵਾਉਣ ਲਈ ਪੁਲਸ ਨੇ ਕੀਤੀ ਕਾਰਵਾਈ

05/14/2022 1:16:56 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਪੁਲਸ ਨੇ ਸਿਆਲਕੋਟ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੀ ਰੈਲੀ ਵਾਲੀ ਜਗ੍ਹਾ ਨੂੰ ਖਾਲ੍ਹੀ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀਓ ਟੀਵੀ ਦੀ ਰਿਪੋਰਟ ਮੁਤਾਬਕ ਪੀ.ਟੀ.ਆਈ. ਨੇ ਬਿਨਾਂ ਇਜਾਜ਼ਤ ਤੋਂ ਈਸਾਈ ਭਾਈਚਾਰੇ ਦੀ ਮਲਕੀਅਤ ਵਾਲੇ ਸੀ.ਟੀ.ਆਈ. ਮੈਦਾਨ ਵਿੱਚ ਰੈਲੀ ਆਯੋਜਿਤ ਕੀਤੀ ਸੀ, ਜਿਸ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਇਸ ਜਗ੍ਹਾ ਨੂੰ ਖਾਲ੍ਹੀ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ, ਸਿਆਲਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਈਸਾਈ ਭਾਈਚਾਰੇ ਦੇ ਇਤਰਾਜ਼ਾਂ ਤੋਂ ਬਾਅਦ ਰੈਲੀ ਆਯੋਜਿਤ ਕਰਨ ਸਬੰਧੀ ਪੀ.ਟੀ.ਆਈ. ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ।

ਜ਼ਿਲ੍ਹਾ ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਈਸਾਈ ਭਾਈਚਾਰੇ ਨੇ ਪੀ.ਟੀ.ਆਈ. ਵੱਲੋਂ ਆਪਣੀ ਮਾਲਕੀ ਵਾਲੀ ਜਗ੍ਹਾ ’ਤੇ ਰੈਲੀ ਕਰਨ ਦੇ ਸੱਦੇ ਦਾ ਵਿਰੋਧ ਕੀਤਾ ਸੀ ਅਤੇ ਇਸ ਖ਼ਿਲਾਫ਼ ਲਾਹੌਰ ਹਾਈ ਕੋਰਟ ਵਿੱਚ ਅਰਜ਼ੀ ਵੀ ਦਾਇਰ ਕੀਤੀ ਗਈ ਸੀ। ਦੂਜੇ ਪਾਸੇ ਪੀ.ਟੀ.ਆਈ. ਆਗੂ ਉਸਮਾਨ ਡਾਰ ਸਮੇਤ ਪਾਰਟੀ ਦੇ ਸੈਂਕੜੇ ਵਰਕਰ ਰੈਲੀ ਦੀ ਤਿਆਰੀ ਲਈ ਮੈਦਾਨ ਵਿੱਚ ਪੁੱਜੇ। ਇਸ ਦੌਰਾਨ ਡਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲਸ ਨੇ ਹੋਰ ਕਾਰਕੁਨਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਸਿਆਲਕੋਟ ਦੇ ਡਿਪਟੀ ਕਮਿਸ਼ਨਰ ਇਮਰਾਨ ਕੁਰੈਸ਼ੀ ਨੇ ਦੱਸਿਆ ਕਿ ਈਸਾਈ ਭਾਈਚਾਰੇ ਦੀ ਬੇਨਤੀ 'ਤੇ ਸੀ.ਟੀ.ਆਈ. ਮੈਦਾਨ ਵਿਖੇ ਪੀ.ਟੀ.ਆਈ ਦੀ ਰੈਲੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਪਾਰਟੀ ਨੂੰ ਰੈਲੀ ਲਈ ਬਦਲਵਾਂ ਸਥਾਨ ਦੇਣ ਲਈ ਤਿਆਰ ਹੈ। ਹਾਲਾਂਕਿ ਉਨ੍ਹਾਂ ਨੇ ਪੀ.ਟੀ.ਆਈ. ਵਰਕਰਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਖ਼ਬਰਾਂ ਤੋਂ ਇਨਕਾਰ ਕੀਤਾ ਹੈ।
 


cherry

Content Editor

Related News