PM ਮੋਦੀ ਨੇ ਕਵਾਡ ਲੀਡਰਸ ਸਮਿਟ ਤੋਂ ਪਹਿਲਾਂ ਆਸਟਰੇਲੀਆ ਦੇ ਸਕਾਟ ਮੌਰੀਸਨ ਨਾਲ ਕੀਤੀ ਮੁਲਾਕਾਤ
Friday, Sep 24, 2021 - 02:27 AM (IST)
ਵਾਸ਼ਿੰਗਟਨ : ਕਵਾਡ ਲੀਡਰਸ ਸਮਿਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿੱਚ ਆਪਣੇ ਆਸਟਰੇਲੀਆਈ ਹਮਰੁਤਬਾ ਸਕਾਟ ਮੌਰੀਸਨ ਨਾਲ ਮੁਲਾਕਾਤ ਕੀਤੀ। ਦੋਨਾਂ ਨੇਤਾ ਵੱਖ-ਵੱਖ ਅੰਤਰਰਾਸ਼ਟਰੀ ਸੰਮੇਲਨਾਂ ਤੋਂ ਪਹਿਲਾਂ ਕਈ ਵਾਰ ਮਿਲ ਚੁੱਕੇ ਹਨ। ਇਸ ਤੋਂ ਪਹਿਲਾਂ, ਪੀ.ਐੱਮ. ਮੌਰੀਸਨ ਨੇ ਆਸਟਰੇਲੀਆ, ਯੂ.ਕੇ. ਅਤੇ ਯੂ.ਐੱਸ. ਗੱਠਜੋੜ ਨਾਲ ਅੱਗੇ ਵਧਣ ਦੀ ਯੋਜਨਾ ਬਾਰੇ ਜਾਣਕਾਰੀ ਦੇਣ ਲਈ ਪੀ.ਐੱਮ. ਮੋਦੀ ਨੂੰ ਵੀ ਫੋਨ ਕੀਤਾ ਸੀ। 15 ਸਤੰਬਰ ਨੂੰ, ਦੋਨਾਂ ਨੇਤਾਵਾਂ ਵਿਚਾਲੇ ਟੈਲੀਫੋਨ 'ਤੇ ਗੱਲਬਾਤ ਵੀ ਹੋਈ, ਜਿਸ ਵਿੱਚ ਦੋਨਾਂ ਨੇਤਾਵਾਂ ਨੇ ਭਾਰਤ-ਆਸਟਰੇਲੀਆ ਵਿਚਾਲੇ ਵਿਆਪਕ ਰਣਨੀਤਕ ਸਾਂਝੇਦਾਰੀ ਵਿੱਚ ਤਰੱਕੀ ਦੀ ਸਮੀਖਿਆ ਕੀਤੀ, ਜਿਸ ਵਿੱਚ ਹਾਲਿਆ 2-2 ਵਾਰਤਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ - PM ਮੋਦੀ ਨੇ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਭਾਰਤ ਆਉਣ ਦਾ ਦਿੱਤਾ ਸੱਦਾ
ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਭਾਰਤ ਵਿੱਚ ਸੰਭਾਵਿਕ ਨਿਵੇਸ਼ ਲਈ ਪੰਜ ਗਲੋਬਲ ਸੀ.ਈ.ਓ. ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਕੁਆਲਕਾਮ ਦੇ ਸੀ.ਈ.ਓ. ਕ੍ਰਿਸਟਿਆਨੋ ਆਰ. ਅਮੋਨ ਨਾਲ ਗੱਲਬਾਤ ਕੀਤੀ ਅਤੇ ਇਲੈਕਟ੍ਰਾਨਿਕਸ ਸਮੇਤ ਕਈ ਮੁੱਦਿਆਂ ਅਤੇ ਨਵੀਨਤਾਕਾਰੀ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਉਪਰਾਲਿਆਂ 'ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਜਨਰਲ ਐਟੋਮਿਕਸ ਦੇ ਸੀ.ਈ.ਓ. ਵਿਵੇਕ ਲਾਲ ਨਾਲ ਵੀ ਮੁਲਾਕਾਤ ਕੀਤੀ ਅਤੇ ਰੱਖਿਆ ਉਸਾਰੀ ਨੂੰ ਅੱਗੇ ਵਧਾਉਣ ਅਤੇ ਉੱਭਰ ਰਹੀਆਂ ਤਕਨੀਕਾਂ ਦੀ ਵਰਤੋਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਅਡੋਬ ਦੇ ਚੇਅਰਮੈਨ ਸ਼ਾਂਤਨੂ ਨਾਰਾਇਣ ਨਾਲ ਵੀ ਮੁਲਾਕਾਤ ਕੀਤੀ। ਇਹ ਗੱਲਬਾਤ ਉਨ੍ਹਾਂ ਬੈਠਕਾਂ ਦੀ ਲੜੀ ਦਾ ਹਿੱਸਾ ਸੀ ਜੋ ਪ੍ਰਧਾਨ ਮੰਤਰੀ ਮੋਦੀ ਨੇ ਕਾਰਪੋਰੇਟਾਂ ਦੇ ਉਨ੍ਹਾਂ ਚੋਣਵੇਂ ਮੁਖੀਆਂ ਨਾਲ ਕੀਤੀ, ਜਿਨ੍ਹਾਂ ਵਿੱਚ ਭਾਰਤ ਵਿੱਚ ਮਹੱਤਵਪੂਰਣ ਨਿਵੇਸ਼ ਕਰਨ ਦੀ ਸਮਰੱਥਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।