ਪੀ. ਐੱਮ. ਮੋਦੀ ਪੁੱਜੇ ਭੂਟਾਨ, 'ਗਾਰਡ ਆਫ ਆਨਰ' ਨਾਲ ਹੋਇਆ ਸਵਾਗਤ

Saturday, Aug 17, 2019 - 12:23 PM (IST)

ਪੀ. ਐੱਮ. ਮੋਦੀ ਪੁੱਜੇ ਭੂਟਾਨ, 'ਗਾਰਡ ਆਫ ਆਨਰ' ਨਾਲ ਹੋਇਆ ਸਵਾਗਤ

ਥਿੰਪੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਯਾਤਰਾ 'ਤੇ ਅੱਜ ਭੂਟਾਨ ਪੁੱਜੇ। ਥਿੰਪੂ ਹਵਾਈ ਅੱਡੇ 'ਤੇ ਭੂਟਾਨ ਦੇ ਪੀ. ਐੱਮ. ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮਗਰੋਂ ਉਨ੍ਹਾਂ ਨੂੰ 'ਗਾਰਡ ਆਫ ਆਨਰ' ਨਾਲ ਸਨਮਾਨਤ ਕੀਤਾ ਗਿਆ। ਆਸ ਹੈ ਕਿ ਇਹ ਯਾਤਰਾ ਭਾਰਤ ਤੇ ਭੂਟਾਨ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗੀ।  ਮੋਦੀ ਦੂਜੀ ਵਾਰ ਪੀ. ਐੱਮ. ਵਜੋਂ ਭੂਟਾਨ ਆਏ ਹਨ। 2014 'ਚ ਸੱਤਾ ਸੰਭਾਲਣ ਮਗਰੋਂ ਮੋਦੀ ਸਭ ਤੋਂ ਪਹਿਲਾਂ ਵਿਦੇਸ਼ ਯਾਤਰਾ ਲਈ ਭੂਟਾਨ ਗਏ ਸਨ। 

PunjabKesari

ਜਾਣਕਾਰੀ ਮੁਤਾਬਕ ਮੋਦੀ ਇੱਥੇ ਵਿਦਿਆਰਥੀਆਂ ਨੂੰ ਸੰਬੋਧਤ ਕਰਨਗੇ। ਇਸ ਦੌਰੇ ਦੌਰਾਨ ਭੂਟਾਨ ਨਾਲ ਕਈ ਸਮਝੌਤੇ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਪੀ. ਐੱਮ. ਮੋਦੀ ਨੇ ਯਾਤਰਾ 'ਤੇ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਉਹ ਦੋ-ਪੱਖੀ ਸਬੰਧਾਂ ਦੇ ਸਾਰੇ ਪਹਿਲੂਆਂ 'ਤੇ ਭੂਟਾਨ ਦੇ ਰਾਜਾ, ਸਾਬਕਾ ਰਾਜਾ ਅਤੇ ਉੱਥੋਂ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਨੂੰ ਲੈ ਕੇ ਉਤਸੁਕ ਹਨ।

ਪੀ. ਐੱਮ. ਮੋਦੀ ਸ਼ਨੀਵਾਰ ਨੂੰ ਭੂਟਾਨ ਦੇ ਚੌਥੇ ਰਾਜਾ ਜਿਗਮੇ ਸਿੰਗੇ ਵਾਂਗਚੁਕ ਨਾਲ ਵੀ ਮੁਲਾਕਾਤ ਕਰਨਗੇ। ਮੋਦੀ ਦੇ ਸਨਮਾਨ 'ਚ ਇੱਥੇ ਛੀਪਰੇਲ ਬਾਰਾਤ ਵੀ ਕੱਢੀ ਜਾਵੇਗੀ। ਉਹ ਆਪਣੇ ਭੂਟਾਨੀ ਹਮਰੁਤਬਾ ਲੋਟੇ ਸ਼ੇਰਿੰਗ ਨਾਲ ਗੱਲਬਾਤ ਕਰਨਗੇ। ਉਹ ਮਾਂਗਦੇਛੂ ਪੌਣਬਿਜਲੀ ਯੋਜਨਾ ਦਾ ਉਦਘਾਟਨ ਕਰਨਗੇ। ਦੱਸ ਦਈਏ ਕਿ ਭਾਰਤ ਨਾਲ ਵਿਕਾਸ ਸਾਂਝੇਦਾਰੀ ਭੂਟਾਨ ਨਾਲ ਦੋ-ਪੱਖੀ ਸਬੰਧਾਂ ਦਾ ਵੱਡਾ ਪਹਿਲੂ ਹੈ। ਭਾਰਤ ਨੇ ਪਿਛਲੇ ਸਾਲ ਦਸੰਬਰ 'ਚ ਭੂਟਾਨ ਦੀ 12ਵੀਂ ਪੰਜ ਸਾਲਾ ਯੋਜਨਾ 'ਚ ਸਹਾਇਤਾ ਲਈ 5000 ਕਰੋੜ ਰੁਪਏ ਦੀ ਵਚਨਬੱਧਤਾ ਪ੍ਰਗਟਾਈ ਸੀ। ਇਸ ਦੀ ਪਹਿਲੀ ਕਿਸ਼ਤ ਜਾਰੀ ਵੀ ਕਰ ਦਿੱਤੀ ਗਈ ਹੈ।


Related News