ਇਜ਼ਰਾਇਲ ''ਚ ਆਮ ਚੋਣਾਂ ਅੱਜ, ਨੇਤਨਯਾਹੂ ਦੇ ਭਵਿੱਖ ਦਾ ਹੋਵੇਗਾ ਫੈਸਲਾ
Tuesday, Apr 09, 2019 - 02:52 PM (IST)

ਯੇਰੂਸ਼ਲਮ, (ਭਾਸ਼ਾ)— ਇਜ਼ਰਾਇਲ 'ਚ ਮੰਗਲਵਾਰ ਨੂੰ ਆਮ ਚੋਣਾਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ 'ਚ ਇਹ ਫੈਸਲਾ ਲਿਆ ਜਾਵੇਗਾ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਬਾਵਜੂਦ ਮੁੜ ਸੱਤਾ 'ਚ ਕਾਬਜ਼ ਹੋਣ ਦਾ ਮੌਕਾ ਮਿਲੇਗਾ ਜਾਂ ਨਹੀਂ। ਦੇਖਣਾ ਹੋਵੇਗਾ ਕਿ ਲੋਕ ਰਾਜਨੀਤੀ 'ਚ ਨਵੇਂ ਚਿਹਰੇ ਸਾਬਕਾ ਫੌਜ ਮੁਖੀ ਬੈਨੀ ਗੈਂਟਜ਼ ਨੂੰ ਪੀ.ਐੱਮ. ਦਾ ਸਥਾਨ ਦਿੰਦੇ ਹਨ ਜਾਂ ਨਹੀਂ। ਅਜਿਹੀ ਉਮੀਦ ਹੈ ਕਿ ਮੁਕਾਬਲਾ ਕਾਫੀ ਕਰੀਬੀ ਅਤੇ ਦਿਲਚਸਪ ਹੋਵੇਗਾ।
ਸਾਬਕਾ ਫੌਜ ਮੁਖੀ ਬੇਨੀ ਗੈਂਟਜ਼ ਨੇ ਨੇਤਨਯਾਹੂ ਨੂੰ ਸਖਤ ਚੁਣੌਤੀ ਦਿੱਤੀ ਹੈ। ਜਨਮਤ ਸਰਵੇਖਣਾਂ 'ਚ ਨੇਤਨਯਾਹੂ ਫਿਰ ਤੋਂ ਸਰਕਾਰ ਬਣਾਉਂਦੇ ਦਿਖਾਈ ਦੇ ਰਹੇ ਹਨ। ਚੋਣਾਂ ਕੌਮਾਂਤਰੀ ਸਮੇਂ ਮੁਤਾਬਕ ਤੜਕੇ 4 ਵਜੇ ਸ਼ੁਰੂ ਹੋਈਆਂ ਅਤੇ ਜ਼ਿਆਦਾਤਰ ਇਲਾਕਿਆਂ 'ਚ ਸ਼ਾਮ 7 ਵਜੇ ਖਤਮ ਹੋਣਗੀਆਂ। ਆਖਰੀ ਨਤੀਜੇ ਬੁੱਧਵਾਰ ਨੂੰ ਹੀ ਆਉਣ ਦੀ ਉਮੀਦ ਹੈ। ਲੋਕ ਹੁੰਮ-ਹੁਮਾ ਕੇ ਵੋਟਾਂ ਪਾ ਰਹੇ ਹਨ।