ਮੁੰਬਈ ਹਮਲਿਆਂ 'ਤੇ ਸ਼ਰੀਫ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਕੀਤਾ ਗਿਆ ਪੇਸ਼ : ਅੱਬਾਸੀ
Monday, May 14, 2018 - 08:06 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਉਨ੍ਹਾਂ ਸਾਹਮਣੇ ਸਾਫ ਕੀਤਾ ਕਿ ਮੁੰਬਈ ਅੱਤਵਾਦੀ ਹਮਲੇ 'ਤੇ ਉਨ੍ਹਾਂ ਦੇ ਬਿਆਨ ਨੂੰ 'ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।' ਅੱਬਾਸੀ ਨੇ ਇਹ ਗੱਲ ਪਾਕਿਸਤਾਨ ਦੇ ਚੋਟੀ ਦੇ ਨਾਗਰਿਕ-ਫੌਜੀ ਸੰਸਥਾ 'ਰਾਸ਼ਟਰੀ ਸੁਰੱਖਿਆ ਕਮੇਟੀ' ਦੀ ਐਮਰਜੰਸੀ ਬੈਠਕ ਤੋਂ ਬਾਅਦ ਸੀਨੀਅਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। ਬੈਠਕ 'ਚ ਸ਼ਰੀਫ ਦੇ 'ਗੁੰਮਰਾਹ' ਕਰਨ ਵਾਲੇ ਬਿਆਨ ਦੀ ਨਿੰਦਾ ਕੀਤੀ ਗਈ ਤੇ ਉਸ ਨੂੰ 'ਗਲਤ ਤੇ ਗੁੰਮਰਾਹ ਕਰਨ ਵਾਲਾ' ਦੱਸਿਆ ਗਿਆ।
ਸ਼ਰੀਫ ਨੇ ਪਹਿਲੀ ਵਾਰ ਸਰਹੱਦ ਪਾਰ ਕਰਨ ਤੇ ਮੁੰਬਈ 'ਚ ਲੋਕਾਂ ਦੀ 'ਹੱਤਿਆ' ਕਰਨ ਦੀ 'ਗੈਰ-ਸਰਕਾਰੀ ਇਕਾਈਆਂ' ਨੂੰ ਇਜਾਜ਼ਤ ਦੇਣ ਦੀ ਪਾਕਿਸਤਾਨ ਦੀ ਨੀਤੀ 'ਤੇ ਸਵਾਲ ਕੀਤਾ ਤੇ ਇਕ ਇੰਟਰਵਿਊ 'ਚ ਜਨਤਕ ਤੌਰ 'ਤੇ ਮੰਨਿਆ ਕਿ ਅੱਤਵਾਦੀ ਸਮੂਹ ਉਨ੍ਹਾਂ ਦੇ ਦੇਸ਼ 'ਚ ਸਰਗਰਮ ਹਨ। ਪਾਸਿਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨ.ਸੀ.ਸੀ. ਦੀ ਬੈਠਕ ਤੋਂ ਬਾਅਦ ਉਨ੍ਹਾਂ ਨੇ ਸ਼ਰੀਫ ਨਾਲ ਵੀ ਮੁਲਾਕਾਤ ਕੀਤੀ ਤੇ ਸ਼ਰੀਫ ਨੇ ਮੁੰਬਈ ਹਮਲੇ ਬਾਰੇ ਉਹ ਗੱਲ ਨਹੀਂ ਕੀਤੀ ਜੋ ਮੀਡੀਆ ਰਿਪੋਰਟ 'ਚ ਕੀਤੀ ਗਈ ਹੈ।
ਅੱਬਾਸੀ ਨੇ ਕਿਹਾ, 'ਕੁਝ ਗੱਲਾਂ ਨੂੰ ਸੰਦਰਭ ਤੋਂ ਹਟਾ ਕੇ ਤਿਲ ਦਾ ਤਾੜ ਬਣਾ ਦਿੱਤਾ ਗਿਆ। ਮੈਂ ਉਨ੍ਹਾਂ ਬਿਆਨਾਂ ਦੀ ਸਫਾਈ ਕਰ ਦਿੱਤੀ ਹੈ।' ਉਨ੍ਹਾਂ ਕਿਹਾ, 'ਐੱਨ.ਸੀ.ਸੀ. ਨੇ ਉਨ੍ਹਾਂ ਲਫਜ਼ਾਂ ਨੂੰ ਖਾਰਿਜ ਕਰ ਦਿੱਤਾ, ਜਿਨ੍ਹਾਂ ਦੀ ਗਲਤ ਰਿਪੋਰਟਿੰਗ ਕੀਤੀ ਗਈ ਸੀ। ਅੱਬਾਸੀ ਨੇ ਕਿਹਾ ਕਿ ਬੈਠਕ ਨੇ ਸ਼ਰੀਫ ਦੀ ਹੀ ਨਹੀਂ ਸਗੋਂ ਉਨ੍ਹਾਂ ਦੀ ਇੰਟਰਵਿਊ ਦੀ ਗਲਤ ਰਿਪੋਰਟਿੰਗ ਦੀ ਨਿੰਦਾ ਕੀਤੀ ਹੈ ਉਨ੍ਹਾਂ ਕਿਹਾ, 'ਨਾਗਰਿਕ ਤੇ ਫੌਜ ਵਿਚਾਲੇ ਕੋਈ ਤਣਾਅ ਨਹੀਂ ਹੈ। ਤੱਥਾਂ ਦੀ ਰੋਸ਼ਨੀ 'ਚ ਗਲਤ ਫਹਿਮੀਆਂ ਦੂਰ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਉਹ ਅਸਤੀਫਾ ਨਹੀਂ ਦੇਣਗੇ ਤੇ ਆਪਣਾ ਕਾਰਜਕਾਲ ਪੂਰਾ ਕਰਨਗੇ।