ਫਿਲਪੀਨ ਦੇ ਰਾਸ਼ਟਰਪਤੀ ਨਾਲ ਵਾਪਰਿਆ ਮੋਟਰਸਾਈਕਲ ਹਾਦਸਾ
Thursday, Oct 17, 2019 - 05:29 PM (IST)

ਮਨੀਲਾ— ਫਿਲਪੀਨ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਇਕ ਮੋਟਰਸਾਈਕਲ ਹਾਦਸੇ 'ਚ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਚੂਲੇ 'ਤੇ ਸੱਟ ਲੱਗੀ ਹੈ। 74 ਸਾਲਾ ਨੇਤਾ ਦੇ ਸੀਨੀਅਰ ਸਹਿਯੋਗੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਬੁਲਾਰੇ ਸਾਲਵਾਡੋਰ ਪਨੇਲੋ ਦੇ ਮੁਤਾਬਕ ਬੁੱਧਵਾਰ ਦੇਰ ਰਾਤ ਰਾਸ਼ਟਰਪਤੀ ਭਵਨ 'ਚ ਇਹ ਘਟਨਾ ਵਾਪਰੀ। ਦੁਤੇਰਤੇ ਦੀ ਸਿਹਤ ਅਕਸਰ ਲੋਕਾਂ ਵਿਚਾਲੇ ਚਰਚਾ ਦਾ ਵਿਸ਼ਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ 10 ਦਿਨ ਪਹਿਲਾਂ ਰਾਸ਼ਟਰਪਤੀ ਨੇ ਖੁਲਾਸਾ ਕੀਤਾ ਸੀ ਕਿ ਉਹ ਮਾਏਸਥੇਨੀਆ ਗ੍ਰੇਵਿਸ ਬੀਮਾਰੀ ਨਾਲ ਪੀੜਤ ਹਨ। ਇਹ ਇਕ ਅਜਿਹੀ ਆਯੋਇਮਿਊਨ ਬੀਮਾਰੀ ਹੈ, ਜੋ ਸਰੀਰ 'ਚ ਗੰਭੀਰ ਜਟਿਲਤਾਵਾਂ ਪੈਦਾ ਕਰ ਸਕਦੀ ਹੈ। ਪਨੇਲੋ ਨੇ ਆਪਣੇ ਬਿਆਨ 'ਚ ਕਿਹਾ ਕਿ ਰਾਸ਼ਟਰਪਤੀ ਆਪਣੇ ਬੂਟ ਲੈਣ ਜਾ ਰਹੇ ਸਨ ਤਦੇ ਉਹ ਮੋਟਰਸਾਈਕਲ ਤੋਂ ਡਿੱਗ ਗਏ, ਜਿਸ ਕਾਰਨ ਉਨ੍ਹਾਂ ਨੂੰ ਮਾਮੂਲੀ ਸੱਟ ਲੱਗੀ ਹੈ। ਉਨ੍ਹਾਂ ਨੂੰ ਕੂਹਣੀ ਤੇ ਗੋਡੇ 'ਤੇ ਸੱਟ ਲੱਗੀ ਹੈ। ਇਸ ਤੋਂ ਪਹਿਲਾਂ ਦੁਤੇਰਤੇ ਦੇ ਸਾਬਕਾ ਕਰੀਬੀ ਸਹਿਯੋਗੀ ਤੇ ਸੈਨੇਟਰ ਕ੍ਰਿਸਟੋਫਰ ਬਾਂਗ ਗੋ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਨਾਲ ਹਾਦਸਾ ਹੋ ਗਿਆ ਹੈ ਤੇ ਉਨ੍ਹਾਂ ਦੇ ਚੂਲੇ 'ਚ ਸੱਟ ਲੱਗੀ ਹੈ ਪਰ ਉਨ੍ਹਾਂ ਨੂੰ ਹਸਪਤਾਲ ਦਾਖਲ ਨਹੀਂ ਕਰਵਾਇਆ ਗਿਆ ਹੈ। ਪਨੇਲੋ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਕਿਸੇ ਵੱਡੇ ਇਲਾਜ ਦੀ ਲੋੜ ਨਹੀਂ ਹੈ ਤੇ ਉਨ੍ਹਾਂ ਦੀ ਸੱਟ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਿੰਤਾ ਦੀ ਲੋੜ ਨਹੀਂ ਹੈ।