ਫਿਲਪੀਨਜ਼ 'ਚ ਦੋ ਵਾਰ ਲੱਗੇ ਭੂਚਾਲ ਦੇ ਝਟਕੇ, 8 ਦੀ ਮੌਤ ਤੇ ਕਈ ਜ਼ਖਮੀ

07/27/2019 8:07:17 AM

ਮਨੀਲਾ— ਫਿਲਪੀਨਜ਼ ਦੇ ਲੁਜੋਨ ਟਾਪੂ ਦੇ ਬਾਟਨੇਸ 'ਚ ਸ਼ਨੀਵਾਰ ਨੂੰ ਘੱਟ ਸਮੇਂ ਦੇ ਫਰਕ ਨਾਲ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 60 ਲੋਕ ਜ਼ਖਮੀ ਹੋ ਗਏ। ਬਾਟਨੇਸ ਦੇ ਗਵਰਨਰ ਮਾਰਿਲੋ ਕਾਇਕੋ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ 4.16 ਵਜੇ ਭੂਚਾਲ ਆਇਆ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਭੂਚਾਲ ਨਾਲ ਇਤਿਹਾਸਕ ਚਰਚ ਅਤੇ ਘਰ ਨੁਕਸਾਨੇ ਗਏ ਹਨ। ਇਸ ਸਮੇਂ ਲੋਕ ਸੁੱਤੇ ਹੋਏ ਸਨ, ਇਸ ਕਰਕੇ ਜਾਨੀ ਨੁਕਸਾਨ ਹੋਇਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ ਅਤੇ ਭੂਚਾਲ ਦਾ ਕੇਂਦਰ ਇਟਬਾਇਟ ਸ਼ਹਿਰ ਤੋਂ 12 ਕਿਲੋ ਮੀਟਰ ਦੀ ਦੂਰੀ 'ਤੇ ਸੀ। 


ਫਿਲਪੀਨ ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ 7.38 ਵਜੇ ਭੂਚਾਲ ਦਾ ਦੂਜਾ ਝਟਕਾ ਲੱਗਾ, ਜਿਸ ਦੀ ਤੀਬਰਤਾ 5.9 ਮਾਪੀ ਗਈ। ਪਹਿਲਾਂ ਟੀ.ਵੀ. ਚੈਨਲਾਂ 'ਤੇ ਇਸ ਦੀ ਤੀਬਰਤਾ 6.4 ਦੱਸੀ ਗਈ ਸੀ ਪਰ ਬਾਅਦ 'ਚ ਉਨ੍ਹਾਂ ਵਲੋਂ ਗਲਤੀ ਸੁਧਾਰ ਲਈ ਗਈ। ਭੂਚਾਲ ਦਾ ਕੇਂਦਰ ਇਟਬਾਇਟ ਤੋਂ ਉੱਤਰ-ਪੱਛਮ 'ਚ 19 ਕਿਲੋ ਮੀਟਰ ਦੀ ਦੂਰੀ 'ਤੇ ਸੀ। ਇਸ ਕਾਰਨ ਘਰਾਂ ਤੇ ਇਮਾਰਤਾਂ ਨੂੰ ਹਲਕਾ ਨੁਕਸਾਨ ਪੁੱਜਾ ਹੈ। ਬਾਸਕੋ ਅਤ ਸਬਤਾਂਗ ਸ਼ਹਿਰਾਂ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ।


Related News