ਫਿਲੀਪੀਨ 'ਚ ਨਵਾਂ ਕਾਨੂੰਨ, ਗ੍ਰੈਜੁਏਟ ਹੋਣ ਲਈ ਵਿਦਿਆਰਥੀ ਲਗਾਉਣਗੇ ਪੌਦੇ

05/30/2019 10:59:04 AM

ਮਨੀਲਾ (ਬਿਊਰੋ)— ਫਿਲੀਪੀਨ ਸਰਕਾਰ ਨੇ ਵਾਤਾਵਰਣ ਸਬੰਧੀ ਜਾਗਰੂਕਤਾ ਲਈ ਨਵਾਂ ਕਾਨੂੰਨ ਬਣਾਇਆ ਹੈ। ਇਸ ਕਾਨੂੰਨ ਮੁਤਾਬਕ ਗ੍ਰੈਜੁਏਸ਼ਨ ਕਰਨ ਤੋਂ ਪਹਿਲਾਂ ਵਿਦਿਆਰਥੀ ਲਈ ਘੱਟੋ-ਘੱਟ 10 ਪੌਦੇ ਲਗਾਉਣੇ ਲਾਜ਼ਮੀ ਹਨ। ਸਰਕਾਰ ਅਤੇ ਵਿਰੋਧੀ ਪਾਰਟੀਆਂ ਨੇ ਵਾਤਾਵਰਣ ਸੁਰੱਖਿਆ ਦੇ ਲਿਹਾਜ ਨਾਲ ਉਕਤ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਹੈ। ਇੱਥੇ ਦੱਸ ਦਈਏ ਕਿ ਵਾਤਾਵਰਣ ਦੇ ਮਾਮਲੇ ਵਿਚ ਫਿਲੀਪੀਨ ਦਾ ਬੁਰਾ ਹਾਲ ਹੈ। 20ਵੀਂ ਸਦੀ ਦੌਰਾਨ ਇੱਥੋਂ ਦਾ ਜੰਗਲੀ ਖੇਤਰ 70 ਫੀਸਦੀ ਤੋਂ 20 ਫੀਸਦੀ ਤੱਕ ਰਹਿ ਗਿਆ।

525 ਅਰਬ ਪੌਦੇ ਲਗਾਉਣ ਦਾ ਟੀਚਾ
ਫਿਲੀਪੀਨ ਦੀ ਮੈਗਡਲੇ ਪਾਰਟੀ ਦੇ ਨੇਤਾ ਗੈਰੀ ਅਲੇਜਨੋ ਦੀ ਇਸ ਕਾਨੂੰਨ ਨੂੰ ਤਿਆਰ ਕਰਨ ਵਿਚ ਮਹੱਤਵਪੂਰਣ ਭੂਮਿਕਾ ਰਹੀ। ਉਨ੍ਹਾਂ ਦਾ ਕਹਿਣਾ ਹੈ ਜੇਕਰ ਸਭ ਕੁਝ ਠੀਕ ਰਿਹਾ ਤਾਂ ਇਕ ਪੀੜ੍ਹੀ ਕਰੀਬ 525 ਅਰਬ ਪੌਦੇ ਲਗਾਏਗੀ। ਜਿੰਨੇ ਪੌਦੇ ਲਗਾਏ ਜਾਂਦੇ ਹਨ ਉਨ੍ਹਾਂ ਵਿਚੋਂ 10 ਫੀਸਦੀ ਵੱਧਦੇ ਫੁੱਲਦੇ ਹਨ। ਮਤਲਬ ਅਗਲੀ ਪੀੜ੍ਹੀ ਲਈ 52.5 ਕਰੋੜ ਪੌਦੇ ਉਪਲਬਧ ਹੋਣਗੇ। 

ਅਲੇਜਨੋ ਮੁਤਾਬਕ ਫਿਲੀਪੀਨ ਵਿਚ ਹਰੇਕ ਸਾਲ ਤਕਰੀਬਨ 1 ਕਰੋੜ 75 ਲੱਖ ਵਿਦਿਆਰਥੀ ਵੱਖ-ਵੱਖ ਡਿਵੀਜ਼ਨ ਦੀ ਕਲਾਸ ਪਾਸ ਕਰਦੇ ਹਨ। ਇਸ ਨਵੇਂ ਕਾਨੂੰਨ ਮੁਤਾਬਕ ਹਰੇਕ ਸਾਲ 17.5 ਕਰੋੜ ਪੌਦੇ ਲਗਾਏ ਜਾ ਸਕਣਗੇ। ਕਾਨੂੰਨ ਮੁਤਾਬਕ ਪੌਦੇ ਅਜਿਹੀਆਂ ਥਾਵਾਂ 'ਤੇ ਲਗਾਏ ਜਾਣ ਜਿੱਥੇ ਉਨ੍ਹਾਂ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਜ਼ਿਆਦਾ ਹੋਵੇਗੀ। ਇਨ੍ਹਾਂ ਵਿਚ ਜੰਗਲੀ ਖੇਤਰ, ਸੁਰੱਖਿਅਤ ਏਰੀਆ, ਮਿਲਟਰੀ ਰੇਂਜ ਅਤੇ ਸ਼ਹਿਰਾਂ ਦੀਆਂ ਚੋਣਵੀਆਂ ਥਾਵਾਂ ਸ਼ਾਮਲ ਹਨ। ਪੌਦੇ ਦੀ ਚੋਣ ਵੀ ਜਗ੍ਹਾ ਮੁਤਾਬਕ ਕੀਤੀ ਜਾਵੇਗੀ। 

ਕਾਨੂੰਨ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਦੇਸ਼ ਦੇ ਸਿੱਖਿਆ ਵਿਭਾਗ ਦੇ ਨਾਲ ਉੱਚ ਸਿੱਖਿਆ ਕਮਿਸ਼ਨ ਨੂੰ ਦਿੱਤੀ ਗਈ ਹੈ। ਕਾਨੂੰਨ ਬਣਾਉਣ ਦਾ ਉਦੇਸ਼ ਗਲੋਬਲ ਵਾਰਮਿੰਗ ਨਾਲ ਨਜਿੱਠਣ ਦੇ ਨਾਲ-ਨਾਲ ਆਉਣ ਵਾਲੀ ਪੀੜ੍ਹੀ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਵੀ ਹੈ।


Vandana

Content Editor

Related News