ਕੋਵਿਡ-19 ਨਾਲ ਲੜਾਈ ''ਚ 95 ਫੀਸਦੀ ਤੱਕ ਅਸਰਦਾਰ ਫਾਈਜ਼ਰ-ਬਾਇਓਨਟੈੱਕ
Wednesday, Dec 02, 2020 - 09:21 PM (IST)
ਲੰਡਨ (ਭਾਸ਼ਾ)- ਦਵਾਈ ਕੰਪਨੀ ਫਾਈਜ਼ਰ-ਬਾਇਓਨਟੈੱਕ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਬ੍ਰਿਟੇਨ ਪਹਿਲਾ ਦੇਸ਼ ਬਣ ਗਿਆ ਹੈ। ਇਸ ਨਾਲ ਘਾਤਕ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਵਿਆਪਕ ਪੱਧਰ 'ਤੇ ਟੀਕਾਕਰਣ ਦੀ ਸ਼ੁਰੂਆਤ ਦਾ ਰਸਤਾ ਪੱਧਰਾ ਹੋ ਗਿਆ ਹੈ। ਬ੍ਰਿਟੇਨ ਦੀ ਦਵਾਈ ਅਤੇ ਸਿਹਤ ਉਤਪਾਦ ਰੈਗੂਲੇਟਰੀ ਏਜੰਸੀ ਨੇ ਦੱਸਿਆ ਕਿ ਇਹ ਟੀਕਾ ਵਰਤੋਂ ਵਿਚ ਲਿਆਉਣ ਲਈ ਸੁਰੱਖਿਅਤ ਹੈ। ਦਾਅਵਾ ਕੀਤਾ ਗਿਆ ਸੀ ਕਿ ਇਹ ਟੀਕਾ ਕੋਰੋਨਾ ਵਾਇਰਸ ਦੀ ਰੋਕਥਾਮ ਲਈ 95 ਫੀਸਦੀ ਤੱਕ ਅਸਰਦਾਰ ਰਿਹਾ ਹੈ। ਪ੍ਰਸਿੱਧ ਅਤੇ ਪ੍ਰਮੁੱਖ ਅਮਰੀਕੀ ਦਵਾਈ ਕੰਪਨੀ ਫਾਈਜ਼ਰ ਅਤੇ ਜਰਮਨ ਕੰਪਨੀ ਬਾਇਓਨਟੈੱਕ ਨੇ ਇਕੱਠੇ ਮਿਲ ਕੇ ਇਸ ਟੀਕੇ ਨੂੰ ਵਿਕਸਿਤ ਕੀਤਾ ਹੈ। ਕੰਪਨੀ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਪ੍ਰੀਖਣ ਦੌਰਾਨ ਉਸ ਦਾ ਟੀਕਾ ਹਰ ਉਮਰ, ਨਸਲ ਦੇ ਲੋਕਾਂ 'ਤੇ ਕਾਰਗਰ ਰਿਹਾ। ਬ੍ਰਿਟੇਨ ਸਰਕਾਰ ਨੇ ਐੱਮ.ਐੱਚ.ਆਰ.ਏ. ਨੂੰ ਕੰਪਨੀ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ 'ਤੇ ਗੌਰ ਕਰਕੇ ਇਹ ਦੇਖਣ ਨੂੰ ਕਿਹਾ ਸੀ ਕਿ ਕੀ ਇਹ ਗੁਣਵੱਤਾ, ਸੁਰੱਖਿਆ ਅਤੇ ਅਸਰ ਦੇ ਮਾਮਲੇ ਵਿਚ ਸਾਰੇ ਨਿਯਮਾਂ 'ਤੇ ਖਰਾ ਉਤਰਦਾ ਹੈ?
ਇਹ ਵੀ ਪੜ੍ਹੋ-ਟਰੰਪ ਨੇ ਮੁਆਫੀ ਯੋਜਨਾ ਦੀ ਜਾਂਚ ਨੂੰ ਦੱਸਿਆ 'ਫਰਜ਼ੀ ਖਬਰ'
ਬ੍ਰਿਟੇਨ ਨੇ 2021 ਦੇ ਅਖੀਰ ਤੱਕ ਮਿਲੇਗੀ 4 ਕਰੋੜ ਖੁਰਾਕ
ਬ੍ਰਿਟੇਨ ਨੂੰ 2021 ਦੇ ਅਖੀਰ ਤੱਕ ਦਵਾਈ ਦੀ 4 ਕਰੋੜ ਖੁਰਾਕਾਂ ਮਿਲਣ ਦੀ ਸੰਭਾਵਨਾ ਹੈ। ਇੰਨੀ ਖੁਰਾਕ ਨਾਲ ਦੇਸ਼ ਦੀ ਇਕ ਤਿਹਾਈ ਆਬਾਦੀ ਦਾ ਟੀਕਾਕਰਣ ਹੋ ਸਕਦਾ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਂਕਾਕ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰੈਗੂਲੇਟਰੀ ਤੋਂ ਮਨਜ਼ੂਰੀ ਮਿਲ ਜਾਣ 'ਤੇ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਟੀਕਾਕਰਣ ਕਰਨ ਲਈ ਤਿਆਰ ਹਨ। ਐੱਨ.ਐੱਚ.ਐੱਸ. ਕੋਲ ਟੀਕਾਕਰਣ ਦਾ ਵਿਆਪਕ ਤਜ਼ਰਬਾ ਹੈ ਅਤੇ ਉਸ ਕੋਲ ਸਾਰੀਆਂ ਵਿਵਸਥਾਵਾਂ ਵੀ ਹਨ। ਟੀਕੇ ਦਾ ਉਤਪਾਦਨ ਬਾਇਓਨਟੈੱਕ ਦੇ ਜਰਮਨੀ ਸਥਿਤ ਕੇਂਦਰਾਂ ਦੇ ਨਾਲ ਹੀ ਫਾਈਜ਼ਰ ਦੇ ਬੈਲਜੀਅਮ ਸਥਿਤ ਯੂਨਿਟ ਵਿਚ ਕੀਤਾ ਜਾਵੇਗਾ।
ਭਾਰਤ ਵਿਚ ਗੱਲਬਾਤ ਅਜੇ ਅੱਧ ਵਿਚਾਲੇ
ਭਾਰਤ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਫਾਈਜ਼ਰ-ਬਾਇਓਨਟੈੱਕ ਵੈਕਸੀਨ ਦੀ ਗੱਲਬਾਤ ਅਜੇ ਅੱਧ ਵਿਚਾਲੇ ਹੈ। ਸਟੋਰੇਜ ਅਤੇ ਕੀਮਤ ਨੂੰ ਲੈ ਕੇ ਵਿਵਾਦ ਹੈ, ਜਿਸ ਨੂੰ ਅਜੇ ਸੁਲਝਾਇਆ ਜਾਣਾ ਬਾਕੀ ਹੈ। ਜੇਕਰ ਇਹ ਵਿਵਾਦ ਸੁਲਝ ਜਾਂਦੇ ਹਨ ਅਤੇ ਕੰਪਨੀ ਨੂੰ ਇਜਾਜ਼ਤ ਮਿਲ ਜਾਂਦੀ ਹੈ ਤਾਂ ਭਾਰਤ ਵਿਚ ਵੀ ਫਾਈਜ਼ਰ-ਬਾਇਓਨਟੈੱਕ ਦੀ ਕੋਰੋਨਾ ਵੈਕਸੀਨ ਦਾ ਟੀਕਾਕਰਣ ਸ਼ੁਰੂ ਹੋ ਸਕਦਾ ਹੈ।
ਇਹ ਵੀ ਪੜ੍ਹੋ:-ਟਰੰਪ ਨੂੰ ਹਰਾ ਦੇਸ਼ ਲਈ ਵਧੀਆ ਕੰਮ ਕੀਤਾ : ਬਾਈਡੇਨ
2 ਖੁਰਾਕ ਦੀ ਕੀਮਤ 3000 ਰੁਪਏ
ਫਾਈਜ਼ਰ ਦੀ ਇਸ ਵੈਕਸੀਨ ਦੇ ਭਾਰਤ ਵਿਚ ਇਸਤੇਮਾਲ 'ਤੇ ਅਜੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ। ਜੇਕਰ ਫਾਈਜ਼ਰ ਦੀ ਵੈਕਸੀਨ ਦੇ ਭਾਰਤ ਵਿਚ ਇਸਤੇਮਾਲ ਬਾਰੇ ਗੱਲ ਕਰੀਏ ਤਾਂ ਕੋਰੋਨਾ ਦੇ ਮਰੀਜ਼ਾਂ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਦੇਣੀਆਂ ਹੋਣਗੀਆਂ। ਫਾਈਜ਼ਰ ਦੀਆਂ ਇਨ੍ਹਾਂ ਦੋ ਖੁਰਾਕਾਂ ਦੀ ਕੀਮਤ 3000 ਰੁਪਏ ਹੈ। ਇਸ ਤੋਂ ਇਲਾਵਾ ਫਾਈਜ਼ਰ ਕੰਪਨੀ ਦੀ ਵੈਕਸੀਨ ਨੂੰ ਸਟੋਰ ਕਰਨ ਲਈ ਮਾਈਨਸ 70 ਡਿਗਰੀ ਤਾਪਮਾਨ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ:-'ਫਾਈਜ਼ਰ/ਬਾਇਓਨਟੈੱਕ ਵੈਕਸੀਨ 65 ਤੋਂ ਜ਼ਿਆਦਾ ਉਮਰ ਵਾਲਿਆਂ ਲਈ ਵੀ ਸੁਰੱਖਿਅਤ'