ਪਾਕਿਸਤਾਨ ਦੀ ਇਸ ਮਸਜਿਦ 'ਚ 25 ਸਾਲ ਬਾਅਦ ਨਮਾਜ਼ ਅਦਾ ਕਰਨਗੀਆਂ ਔਰਤਾਂ

03/01/2020 1:25:43 PM

ਪੇਸ਼ਾਵਰ—  ਪਾਕਿਸਤਾਨੀ ਸ਼ਹਿਰ ਪੇਸ਼ਾਵਰ ਦੀ ਇਕ ਮਸਜਿਦ 'ਚ 25 ਸਾਲ ਬਾਅਦ ਔਰਤਾਂ ਨਮਾਜ਼ ਅਦਾ ਕਰ ਸਕਣਗੀਆਂ। ਦਿ ਮਿਡਿਲ ਟ੍ਰਿਬਿਊਨ ਨੇ ਸ਼ਨੀਵਾਰ ਨੂੰ ਆਪਣੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਕਿ 1990 ਦੇ ਦਹਾਕੇ ਦੇ ਮੱਧ ਤਕ ਪੇਸ਼ਾਵਰ ਛਾਉਣੀ 'ਚ ਸਥਿਤ ਸੁਨਹਿਰੀ ਮਸਜਿਦ (ਗੋਲਡਨ ਮਸਜਿਦ) 'ਚ ਇਥੋਂ ਦੀਆਂ ਔਰਤਾਂ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਦੀਆਂ ਸਨ। ਹਾਲਾਂਕਿ ਬਾਅਦ 'ਚ ਸੂਬਾ ਰਾਜਧਾਨੀ 'ਚ ਅੱਤਵਾਦ ਤੋਂ ਪ੍ਰਭਾਵਿਤ ਹੋਣ ਦੇ ਬਾਅਦ ਔਰਤਾਂ ਨੇ ਇੱਥੇ ਨਮਾਜ਼ ਕਰਨੀ ਛੱਡ ਦਿੱਤੀ।

ਮੀਡੀਆ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਕਿਹਾ ਕਿ ਖੈਬਰ ਪਖਤੂਨਵਾ ਸੂਬੇ 'ਚ ਫੌਜ ਦੀ ਕਾਰਵਾਈ ਦੇ ਬਾਅਦ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ 'ਚ ਕਾਫੀ ਸੁਧਾਰ ਹੋਇਆ ਹੈ। ਇੱਥੇ ਹਾਲਾਤ ਪਹਿਲਾਂ ਨਾਲੋਂ ਵਧੀਆ ਹੋਏ ਹਨ। ਇਸ ਦੇ ਚੱਲਦਿਆਂ ਇੱਥੇ ਔਰਤਾਂ ਨੂੰ ਦੋਬਾਰਾ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿੱਤੀ ਗਈ ਹੈ।

ਅੱਤਵਾਦੀ ਪ੍ਰਭਾਵ ਦੇ ਚੱਲਦਿਆਂ ਇਸ ਮਸਜਿਦ 'ਚ ਔਰਤਾਂ ਨੇ ਨਮਾਜ਼ ਅਦਾ ਕਰਨਾ ਛੱਡ ਦਿੱਤਾ ਸੀ। 2016 'ਚ ਸਦਰ ਦੇ ਭੀੜ ਭਰੇ ਬਾਜ਼ਾਰ 'ਚ ਮਸਜਿਦ ਦੇ ਪਿੱਛੇ ਸਰਕਾਰੀ ਕਰਮਚਾਰੀਆਂ ਨੂੰ ਲੈ ਜਾਣ ਵਾਲੀ ਬੱਸ 'ਚ ਬੰਬ ਧਮਾਕੇ ਕਾਰਨ 16 ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਪਰ ਹੁਣ ਇੱਥੇ ਕਾਨੂੰਨ ਵਿਵਸਥਾ 'ਚ ਸੁਧਾਰ ਹੋਇਆ ਹੈ। ਇਸ ਲਈ ਅਧਿਕਾਰੀਆਂ ਨੇ ਇਸ ਸਿਲਸਿਲੇ ਨੂੰ ਫਿਰ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।
ਅਧਿਕਾਰੀਆਂ ਨੇ ਮਸਜਿਦ ਦੇ ਬਾਹਰ ਇਕ ਬੈਨਰ ਵੀ ਲਗਾ ਕੇ ਰੱਖਿਆ ਹੈ। ਇਸ 'ਚ ਸੰਦੇਸ਼ ਦਿੱਤਾ ਗਿਆ ਹੈ ਕਿ ਸੁਨਹਿਰੀ ਮਸਜਿਦ 'ਚ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਲਈ ਔਰਤਾਂ ਦਾ ਸਵਾਗਤ ਕੀਤਾ ਹੈ। ਸੁਨਹਿਰੀ ਮਸਜਿਦ 'ਚ ਔਰਤਾਂ ਨੂੰ ਦੋਬਾਰਾ ਤੋਂ ਨਮਾਜ਼ ਅਦਾ ਕਰਨ ਦੇ ਕਦਮ ਦੇ ਫੈਸਲੇ ਦੀ ਕਿਤੇ-ਕਿਤੇ ਸਿਫਤ ਹੋ ਰਹੀ ਹੈ।


Related News