ਰੂਸ ਦੁਆਰਾ ਯੂਕ੍ਰੇਨ 'ਤੇ ਕੀਤੇ ਹਮਲੇ ਦੇ ਵਿਰੋਧ 'ਚ ਇਟਲੀ 'ਚ ਲੋਕਾਂ ਨੇ ਕੱਢਿਆ 'ਕੈਂਡਲ ਮਾਰਚ'
Wednesday, Mar 16, 2022 - 02:25 PM (IST)
ਰੋਮ (ਕੈਂਥ)): ਰੂਸ ਦੁਆਰਾ ਯੂਕ੍ਰੇਨ 'ਤੇ ਹਮਲਾ ਕਰਨ ਦੇ ਵਿਰੋਧ ਵਿੱਚ ਪੂਰੇ ਸੰਸਾਰ ਅੰਦਰ ਰੋਸ ਅਤੇ ਗੁੱਸੇ ਦੀ ਲਹਿਰ ਦਿਖਾਈ ਦੇ ਰਹੀ ਹੈ, ਕਿਉਂਕਿ ਇਸ ਜੰਗ ਵਿਚ ਇਨਸਾਨੀਅਤ ਦਾ ਬਹੁਤ ਵੱਡਾ ਮਾਲੀ ਅਤੇ ਜਾਨੀ ਨੁਕਸਾਨ ਹੋ ਰਿਹਾ ਹੈ। ਲੋਕ ਆਪਣੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਦੂਸਰੇ ਦੇਸ਼ਾਂ ਵਿੱਚ ਜਾ ਰਹੇ ਹਨ। ਬੀਤੇ ਦਿਨ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਕਸਬਾ ਉਫਲਾਗਾ ਵਿਖੇ ਵੀ ਰੂਸ ਦੁਆਰਾ ਯੂਕ੍ਰੇਨ 'ਤੇ ਕੀਤੇ ਹਮਲੇ ਦੀ ਨਿੰਦਾ ਕੀਤੀ ਗਈ ਅਤੇ ਇਸ ਹਮਲੇ ਦੇ ਵਿਰੋਧ ਵਿੱਚ ਲੋਕਾਂ ਦੁਆਰਾ ਕੈਂਡਲ ਮਾਰਚ ਕੱਢਿਆ ਗਿਆ।ਰੂਸ ਹਮਲੇ ਦੀ ਨਿਖੇਧੀ ਕਰਦਿਆਂ ਜੰਗ ਨੂੰ ਤੁਰੰਤ ਬੰਦ ਕਰਨ ਅਤੇ "ਸ਼ਾਂਤੀ" ਦੀ ਮੰਗ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੇ ਸਮਰਥਨ 'ਚ ਜਾਨਸਨ, ਰੂਸ 'ਤੇ ਤੇਲ, ਗੈਸ ਨਿਰਭਰਤਾ ਨੂੰ ਖ਼ਤਮ ਕਰਨ ਦੀ ਕੀਤੀ ਮੰਗ
ਇਸ ਕੈਂਡਲ ਮਾਰਚ ਵਿਚ ਵੱਖ ਵੱਖ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਇਸ ਕੈਂਡਲ ਮਾਰਚ ਵਿੱਚ ਕਸਬਾ ਓਫਲਾਗਾ ਦੇ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਹਿੱਸਾ ਲਿਆ ਅਤੇ ਇਸ ਕੈਂਡਲ ਮਾਰਚ ਵਿਚ ਲੋਕਾਂ ਦੁਆਰਾ ਜੰਗ ਬੰਦ ਕਰਨ ਲਈ "ਨੌ ਵਾਰ" ਅਤੇ "ਪੀਸ ਇਨ ਯੂਕ੍ਰੇਨ" ਦੀਆਂ ਤਖ਼ਤੀਆਂ ਅਤੇ ਬੈਨਰ ਚੁੱਕੇ ਹੋਏ ਸਨ। ਲੋਕਾਂ ਦੁਆਰਾ ਮਨੁੱਖਤਾ ਦਾ ਵਿਨਾਸ਼ ਕਰਨ ਵਾਲੀ ਇਸ ਮਾਰੂ ਜੰਗ ਨੂੰ ਤੁਰੰਤ ਬੰਦ ਕੀਤੇ ਜਾਣ ਲਈ ਕਿਹਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਟਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਸਮੂਹ ਧਰਮਾਂ ਦੇ ਲੋਕਾਂ ਦੁਆਰਾ ਸਾਂਝੇ ਤੌਰ 'ਤੇ ਕੈਂਡਲ ਮਾਰਚ ਅਤੇ ਸ਼ਾਂਤਮਈ ਢੰਗ ਨਾਲ ਇਸ ਜੰਗ ਨੂੰ ਰੋਕਣ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ।