ਇਟਲੀ ’ਚ ਵੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ
02/04/2023 4:51:56 PM

ਇਟਲੀ, (ਕੈਂਥ)– ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਵਿੱਚ ਸੰਗਤਾਂ ਵੱਲੋਂ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ 5 ਫਰਵਰੀ 2023 ਨੂੰ ਮਨਾਇਆ ਜਾ ਰਿਹਾ ਹੈ। ਵਿਸ਼ਾਲ ਨਗਰ ਕੀਰਤਨ, ਵਿਸ਼ਾਲ ਧਾਰਮਿਕ ਸਮਾਗਮ ਤੇ ਦੀਵਾਨ ਸਜਾਏ ਜਾ ਰਹੇ ਹਨ। ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਅਵਤਾਰ ਧਾਰਿਆ ਸੀ, ਕਾਂਸ਼ੀ ਬਨਾਰਸ ਉੱਥੇ ਦੁਨੀਆਂ ਭਰ ਤੋ ਸੰਗਤਾਂ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸਜਦਾ ਕਰਨ ਲਈ ਸਮੂਲੀਅਤ ਕਰ ਰਹੀਆਂ ਹਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਉਸ ਸਮੇਂ ਜਾਤ-ਪਾਤ, ਭਿੰਨ-ਭੇਦ ਤੇ ਧਰਮ ਦੇ ਨਾਮ ’ਤੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚ ਪਾਉਣ ਵਾਲੇ ਅੰਡਬਰਵਾਦੀ ਲੋਕਾਂ ਦਾ ਸਖ਼ਤ ਵਿਰੋਧ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਖਿਲਾਫ਼ ਇੱਕ ਵੱਡੀ ਲੜਾਈ ਵੀ ਲੜੀ। ਅਜਿਹੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਇਟਲੀ ਵਿੱਚ ਵੀ ਰਹਿਣ ਬਸੇਰਾ ਕਰਦੀ ਸੰਗਤ ਵੱਲੋਂ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇਟਲੀ ਵਿੱਚ ਉਹਨਾਂ ਦੀ ਬਾਣੀ ਤੇ ਜੀਵਨ ਫਲਸਫੇ ਤੋਂ ਸੇਧ ਲੈਣ ਵਾਲੀਆਂ ਸਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।