ਪਰਾਗ ਅਗਰਵਾਲ ਕਰਨਗੇ ਟਵਿਟਰ ਦੀ ਅਗਵਾਈ, ਜਾਣੋ ਅਮਰੀਕੀ ਕੰਪਨੀਆਂ ਦੀ ਅਗਵਾਈ ਕਰਨ ਵਾਲੇ 'ਭਾਰਤੀਆਂ' ਬਾਰੇ

11/30/2021 3:07:50 PM

ਨਿਊਯਾਰਕ (ਭਾਸ਼ਾ)- ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੇ ਅਹੁਦੇ ਤੱਕ ਪਹੁੰਚਣ ਦੇ ਨਾਲ ਹੀ ਪਰਾਗ ਅਗਰਵਾਲ ਭਾਰਤੀ ਮੂਲ ਦੇ ਉਨ੍ਹਾਂ ਕਾਰਜਕਾਰੀ ਅਧਿਕਾਰੀਆਂ ਵਿਚ ਸ਼ਾਮਲ ਹੋ ਗਏ ਹਨ, ਜੋ ਅਮਰੀਕਾ ਸਥਿਤ ਬਹੁ-ਰਾਸ਼ਟਰੀ ਕੰਪਨੀਆਂ ਦੀ ਅਗਵਾਈ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਮਾਈਕ੍ਰੋਬਲਾਗਿੰਗ ਕੰਪਨੀ ਟਵਿੱਟਰ ਦੇ ਸੰਸਥਾਪਕ ਜੈਕ ਡੋਰਸੀ ਦਾ ਅਗਰਵਾਲ ਵਿਚ ਡੂੰਘਾ ਵਿਸ਼ਵਾਸ ਹੈ। ਟਵਿੱਟਰ ਦੇ ਬਾਹਰ ਜਾਣ ਵਾਲੇ (ਆਊਟਗੋਇੰਗ) ਸੀ.ਈ.ਓ. ਡੋਰਸੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 37 ਸਾਲਾ ਅਗਰਵਾਲ ਕੰਪਨੀ ਦੇ ਨਵੇਂ ਸੀ.ਈ.ਓ. ਹੋਣਗੇ। ਅਗਰਵਾਲ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ-ਮੁੰਬਈ (IIT-ਮੁੰਬਈ) ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ। ਟਵਿੱਟਰ ਦੇ ਸਹਿ-ਸੰਸਥਾਪਕ ਡੋਰਸੀ ਨੇ ਕਰੀਬ 16 ਸਾਲਾਂ ਬਾਅਦ ਕੰਪਨੀ ਛੱਡਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਪਾਕਿ ਦੀ ਦਾਦਾਗਿਰੀ, ਅਫ਼ਗਾਨਿਸਤਾਨ ਨੂੰ ਕਣਕ ਤੇ ਦਵਾਈਆਂ ਭੇਜਣ ਲਈ ਭਾਰਤ ਅੱਗੇ ਰੱਖੀ ਇਹ ਸ਼ਰਤ

'ਦਿ ਨਿਊਯਾਰਕ ਟਾਈਮਜ਼' ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਗਰਵਾਲ ਨੂੰ ਬੋਨਸ, ਪ੍ਰਤਿਬੰਧਿਤ ਸ਼ੇਅਰਾਂ ਅਤੇ ਪ੍ਰਦਰਸ਼ਨ ਆਧਾਰਿਤ ਸ਼ੇਅਰ ਯੂਨਿਟਾਂ ਤੋਂ ਇਲਾਵਾ ਸਾਲਾਨਾ 10 ਲੱਖ ਦੀ ਤਨਖ਼ਾਹ ਮਿਲੇਗੀ। ਡੋਰਸੀ ਨੇ ਕਿਹਾ, 'ਕੰਪਨੀ 'ਚ ਲਗਭਗ 16 ਸਾਲ ਤੱਕ ਭੂਮਿਕਾ ਨਿਭਾਉਣ ਤੋਂ ਬਾਅਦ ਮੈਂ ਫੈਸਲਾ ਕੀਤਾ ਹੈ ਕਿ ਹੁਣ ਮੇਰਾ ਇੱਥੋ ਜਾਣ ਦਾ ਸਮਾਂ ਆ ਗਿਆ ਹੈ। ਮੈਂ ਕੰਪਨੀ ਦੇ ਸਹਿ-ਸੰਸਥਾਪਕ ਤੋਂ ਲੈ ਕੇ ਸੀ.ਈ.ਓ., ਚੇਅਰਮੈਨ ਤੋਂ ਕਾਰਜਕਾਰੀ ਚੇਅਰਮੈਨ ਅਤੇ ਅੰਤਰਿਮ-ਸੀ.ਈ.ਓ. ਤੋਂ ਸੀ.ਈ.ਓ. ਦੇ ਅਹੁਦੇ 'ਤੇ ਰਿਹਾਂ।' ਉਨ੍ਹਾਂ ਕਿਹਾ ਕਿ ਤਿੰਨ ਕਾਰਨ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਮੈਨੂੰ ਲੱਗਦਾ ਹੈ ਕਿ ਹੁਣ ਸਹੀ ਸਮਾਂ ਹੈ। ਪਹਿਲਾ ਪਰਾਗ ਸਾਡੇ ਸੀ.ਈ.ਓ. ਬਣ ਰਹੇ ਹਨ। ਬੋਰਡ ਨੇ ਸਾਰੇ ਵਿਕਲਪਾਂ 'ਤੇ ਵਿਚਾਰ ਕਰਦੇ ਹੋਏ ਸਰਬਸੰਮਤੀ ਨਾਲ ਪਰਾਗ ਦੀ ਨਿਯੁਕਤੀ ਕਰਨ ਦਾ ਫੈਸਲਾ ਕੀਤਾ ਹੈ। ਉਹ ਕੰਪਨੀ ਅਤੇ ਇਸ ਦੀਆਂ ਲੋੜਾਂ ਨੂੰ ਡੂੰਘਾਈ ਨਾਲ ਸਮਝਦੇ ਹਨ। ਡੋਰਸੀ ਨੇ ਕਿਹਾ ਕਿ ਹਰ ਮਹੱਤਵਪੂਰਨ ਫੈਸਲੇ ਪਿੱਛੇ ਪਰਾਗ ਦਾ ਹੱਥ ਰਿਹਾ ਹੈ। ਉਹ ਉਤਸੁਕ, ਤਰਕਸ਼ੀਲ, ਰਚਨਾਤਮਕ ਅਤੇ ਨਿਮਰ ਹਨ। ਅਗਰਵਾਲ ਦੀ ਟਵਿੱਟਰ ਦੇ ਸੀ.ਈ.ਓ. ਦੇ ਅਹੁਦੇ 'ਤੇ ਤਰੱਕੀ ਨਾਲ ਉਹ ਅਜਿਹੇ ਭਾਰਤੀ ਮੂਲ ਅਤੇ ਭਾਰਤ ਵਿਚ ਜਨਮੇ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ, ਜੋ ਅੱਜ ਵਿਸ਼ਵ ਬਹੁ-ਰਾਸ਼ਟਰੀ ਕੰਪਨੀਆਂ ਦੀ ਅਗਵਾਈ ਕਰ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ WHO ਨੇ ਜਾਰੀ ਕੀਤੀ ‘ਹਾਈ ਰਿਸਕ’ ਦੀ ਚਿਤਾਵਨੀ

ਪਿਛਲੇ ਸਾਲ ਜਨਵਰੀ ਵਿਚ ਭਾਰਤ ਵਿਚ ਜਨਮੇ ਟੈਕਨਾਲੋਜੀ ਖੇਤਰ ਦੇ ਕਾਰਜਕਾਰੀ ਅਰਵਿੰਦ ਕ੍ਰਿਸ਼ਨਾ ਨੂੰ ਅਮਰੀਕਾ ਦੀ ਆਈ.ਟੀ. ਖੇਤਰ ਦੀ ਦਿੱਗਜ ਕੰਪਨੀ IBM ਦਾ ਮੁੱਖ ਕਾਰਜਕਾਰੀ ਅਧਿਕਾਰੀ ਬਣਾਇਆ ਗਿਆ ਸੀ। ਉਨ੍ਹਾਂ ਨੇ  ਵਰਜੀਨੀਆ ਰੋਮੇਟੀ ਦੀ ਥਾਂ ਲਈ ਹੈ, ਜਿਨ੍ਹਾਂ ਨੇ ਕ੍ਰਿਸ਼ਨਾ ਨੂੰ IBM ਦੇ ਅਗਲੇ ਯੁੱਗ ਲਈ ਸਹੀ ਸੀ.ਈ.ਓ. ਦੱਸਿਆ ਹੈ। ਕ੍ਰਿਸ਼ਨਾ (59) 1990 ਵਿਚ IBM ਵਿਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਕੋਲ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ-ਕਾਨਪੁਰ ਤੋਂ ਬੈਚਲਰ ਡਿਗਰੀ ਅਤੇ ਪੀ.ਐੱਚ.ਡੀ. ਹੈ। ਇਸ ਤੋਂ ਪਹਿਲਾਂ ਅਗਸਤ 2015 ਵਿਚ ਸੁੰਦਰ ਪਿਚਾਈ ਨੂੰ ਗੂਗਲ ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ ਸੀ। ਉਹ ਸਾਬਕਾ ਸੀ.ਈ.ਓ. ਐਰਿਕ ਸ਼ਮਿਟ ਅਤੇ ਸਹਿ-ਸੰਸਥਾਪਕ ਲੈਰੀ ਪੇਜ ਤੋਂ ਬਾਅਦ ਕੰਪਨੀ ਦੇ ਤੀਜੇ ਮੁੱਖ ਕਾਰਜਕਾਰੀ ਅਧਿਕਾਰੀ ਬਣੇ ਸਨ। ਦਸੰਬਰ 2019 ਵਿਚ ਪਿਚਾਈ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੇ ਸੀ.ਈ.ਓ. ਬਣੇ। ਪਿਚਾਈ ਨੇ ਅਗਰਵਾਲ ਨੂੰ ਟਵਿਟਰ ਦਾ ਸੀ.ਈ.ਓ. ਬਣਨ 'ਤੇ ਵਧਾਈ ਦਿੱਤੀ ਹੈ। ਫਰਵਰੀ 2014 ਵਿਚ ਮਾਈਕ੍ਰੋਸਾਫਟ ਨੇ ਸੱਤਿਆ ਨਡੇਲਾ ਨੂੰ ਕੰਪਨੀ ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਸੀ। ਇਸ ਤੋਂ ਇਲਾਵਾ ਮਾਸਟਰਕਾਰਡ ਦੇ ਸੀ.ਈ.ਓ. ਅਜੇ ਬੰਗਾ, ਪੈਪਸੀਕੋ ਦੀ ਸਾਬਕਾ ਸੀ.ਈ.ਓ. ਇੰਦਰਾ ਨੂਈ ਅਤੇ ਏਡੋਬ ਦੇ ਸੀ.ਈ.ਓ. ਸ਼ਾਂਤਨੂ ਨਰਾਇਣ ਵੀ ਭਾਰਤੀ ਮੂਲ ਦੇ ਹਨ, ਜਿਨ੍ਹਾਂ ਨੇ ਬਹੁ-ਰਾਸ਼ਟਰੀ ਕੰਪਨੀਆਂ ਦੀ ਅਗਵਾਈ ਕੀਤੀ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਫੋਟੋਸ਼ੂਟ ਕਰਾਉਣ ਵਾਲੀ ਪਾਕਿਸਤਾਨੀ ਮਾਡਲ ਨੇ ਮੰਗੀ ਮਾਫ਼ੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News