ਸ਼ਰਮਨਾਕ: ਪਾਕਿ ’ਚ ਵਿਆਹ ਦੌਰਾਨ ਪਾਪੜ ਵੈਂਡਰ ਦਾ ਕਤਲ, ਲਾਸ਼ ਕੋਲ ਦਾਅਵਤ ਖਾਂਦੇ ਰਹੇ ਮਹਿਮਾਨ

03/26/2022 7:02:57 PM

ਪੇਸ਼ਾਵਰ : ਪਾਕਿਸਤਾਨ ਪੰਜਾਬ ਸੂਬੇ ਦੇ ਪੱਟੋਕੀ ਸ਼ਹਿਰ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪੱਟੋਕੀ ਸ਼ਹਿਰ ’ਚ ਇਕ ਵਿਆਹ ਸਮਾਗਮ ਦੌਰਾਨ ਹੋਏ ਿਵਵਾਦ ’ਚ ਇਕ ਪਾਪੜ ਵਾਲੇ ਨੂੰ ਮਹਿਮਾਨਾਂ ਨੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਕਤਲ ਤੋਂ ਬਾਅਦ ਇਹ ਮਹਿਮਾਨ ਬਿਨਾਂ ਕਿਸੇ ਚਿੰਤਾ ਦੇ ਲਾਸ਼ ਨੇੜੇ ਰੱਖ ਜਸ਼ਨ ਅਤੇ ਦਾਅਵਤ ਕਰਦੇ ਰਹੇ। ਇਸ ਘਟਨਾ ਦੀ ਸ਼ਰਮਨਾਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ’ਚ ਰੋਸ ਫੈਲ ਗਿਆ ਹੈ। ‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਮੁਤਾਬਕ ਵਾਇਰਲ ਹੋਈ ਇਕ ਵੀਡੀਓ ’ਚ ਦਿਖ ਰਿਹਾ ਹੈ ਕਿ ਕਤਲ ਤੋਂ ਬਾਅਦ ਲਾਸ਼ ਫਰਸ਼ ’ਤੇ ਪਈ ਰਹੀ ਅਤੇ ਵਿਆਹ ’ਚ ਆਏ ਮਹਿਮਾਨ ਬਿਨਾਂ ਕਿਸੇ ਚਿੰਤਾ ਦੇ ਕਬਾਬ ਅਤੇ ਬਿਰਿਆਨੀ ਦਾ ਆਨੰਦ ਲੈਂਦੇ ਰਹੇ। ਮ੍ਰਿਤਕ ਦੀ ਪਛਾਣ ਅਸ਼ਰਫ ਉਰਫ਼ ਸੁਲਤਾਨ ਵਜੋਂ ਹੋਈ ਹੈ। ਇਸ ਬੇਰਹਿਮੀ ਨਾਲ ਕੀਤੇ ਕਤਲ ਤੋਂ ਬਾਅਦ ਲੋਕਾਂ ’ਚ ਰੋਸ ਹੈ। ਪੰਜਾਬ (ਪਾਕਿਸਤਾਨ ਦੇ) ਪੁਲਸ ਨੇ ਕਤਲ ਦੇ ਇਸ ਮਾਮਲੇ ’ਚ ਮੈਰਿਜ ਹਾਲ ਦੇ ਮੈਨੇਜਰ ਸਮੇਤ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ (ਪੀ.ਐੱਫ.ਐੱਸ.ਏ.) ਦੀ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਹਨ।

ਇਹ ਵੀ ਪੜ੍ਹੋ : ਰਾਜ ਸਭਾ ਮੈਂਬਰਾਂ ਨੂੰ ਲੈ ਕੇ ਉੱਠ ਰਹੇ ਸਵਾਲਾਂ ’ਤੇ ‘ਆਪ’ ਵਿਧਾਇਕ ਗੁਰਮੀਤ ਖੁੱਡੀਆਂ ਦਾ ਵੱਡਾ ਬਿਆਨ (ਵੀਡੀਓ)

ਇਸ ਦਰਮਿਆਨ ਜ਼ਿਲ੍ਹਾ ਪੁਲਸ ਅਫ਼ਸਰ (ਡੀ.ਪੀ.ਓ.) ਕਸੂਰ ਨੇ ਦੱਸਿਆ ਕਿ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰੇ ਅਤੇ ਵੀਡੀਓ ਸਮੇਤ ਹੋਰ ਸਬੂਤ ਇਕੱਠੇ ਕੀਤੇ ਹਨ, ਜਿਨ੍ਹਾਂ ਦੀ ਮਦਦ ਨਾਲ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬਜਦਾਰ ਨੇ ਵੀ ਪੁਲਿਸ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ। ਦੂਜੇ ਪਾਸੇ ਪਾਕਿਸਤਾਨ ਪੁਲਸ ਨੇ ਸਿੰਧ ਸੂਬੇ ’ਚ ਇਕ 18 ਸਾਲਾ ਹਿੰਦੂ ਲੜਕੀ ਨੂੰ ਗੋਲੀ ਮਾਰਨ ਦੇ ਮਾਮਲੇ ’ਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨੀ ਅਖਬਾਰ ‘ਡਾਨ’ ਦੀ ਰਿਪੋਰਟ ਮੁਤਾਬਕ ਹਮਲਾਵਰ ਅਤੇ ਉਸ ਦੇ ਦੋ ਸਾਥੀਆਂ ਨੇ ਹਿੰਦੂ ਲੜਕੀ ਦੇ ਘਰ ’ਚ ਦਾਖਲ ਹੋ ਕੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਮਨੁੱਖੀ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ’ਚ ਹਰ ਸਾਲ ਸੈਂਕੜੇ ਈਸਾਈ ਅਤੇ ਹਿੰਦੂ ਲੜਕੀਆਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਖੁੱਡੀਆਂ ਦੀ ਜਿੱਤ ਦਾ ਜਾਣੋ ਰਾਜ਼ (ਵੀਡੀਓ)


Manoj

Content Editor

Related News