ਪਨਾਮਾ ਪੇਪਰ ਮਾਮਲੇ ''ਚ ਦੋਸ਼ਾਂ ਦਾ ਸਾਹਮਣਾ ਕਰਨ ਲਈ ਪਾਕਿਸਤਾਨ ਪਰਤੇ ਸ਼ਰੀਫ

09/25/2017 2:37:13 PM

ਇਸਲਾਮਾਬਾਦ(ਭਾਸ਼ਾ)— ਗੱਦੀਓ ਲਾਹੇ ਗਏ ਪਾਕਿ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ ਸ਼ਰੀਫ ਪਨਾਮਾ ਪੇਪਰ ਲੀਕ ਮਾਮਲੇ ਵਿਚ ਭ੍ਰਿਸ਼ਟਾਚਾਰ ਅਤੇ ਮਨੀ ਲਾਡ੍ਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਸੋਮਵਾਰ ਨੂੰ ਬ੍ਰਿਟੇਨ ਤੋਂ ਆਪਣੇ ਦੇਸ਼ ਪਰਤ ਆਏ । ਉਹ ਗਲੇ ਦੇ ਕੈਂਸਰ ਦਾ ਇਲਾਜ ਕਰਾ ਰਹੀ ਆਪਣੀ ਪਤਨੀ ਕੁਲਸੁਮ ਨਵਾਜ਼ ਕੋਲ ਲੰਡਨ ਵਿਚ ਸਨ । ਪਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਰੀਫ(67) ਨੇ ਆਪਣੇ ਛੋਟੇ ਭਰਾ ਅਤੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਸ਼ਾਹਬਾਜ ਸ਼ਰੀਫ ਸਮੇਤ ਸੀਨੀਅਰ ਪਾਰਟੀ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਆਪਣੇ ਦੇਸ਼ ਪਰਤਣ ਦਾ ਫੈਸਲਾ ਕੀਤਾ । ਇਕ ਖਬਰ ਵਿਚ ਦੱਸਿਆ ਗਿਆ ਹੈ ਕਿ ਸ਼ਰੀਫ ਨੂੰ ਲੈ ਕੇ ਇੱਥੇ ਪਹੁੰਚਿਆ ਜਹਾਜ਼ ਸਵੇਰੇ ਕਰੀਬ 7:30 ਵਜੇ ਉਤਰਿਆ । ‍ਆਤਮ-ਵਿਸ਼ਵਾਸ ਨਾਲ ਭਰਪੂਰ ਨਜ਼ਰ ਆ ਰਹੇ ਸ਼ਰੀਫ ਜਹਾਜ਼ ਤੋਂ ਬਾਹਰ ਆਏ ਅਤੇ ਆਪਣੇ ਸਮਰਥਕਾਂ ਵੱਲ ਹੱਥ ਹਿਲਾਉਂਦੇ ਹੋਏ ਅੱਗੇ ਵਧੇ । ਪਾਕਿਸਤਾਨ ਮੁਸਲਮਾਨ ਲੀਗ, ਨਵਾਜ਼ (ਪੀ. ਐਮ. ਐਲ. ਐਨ) ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਰੀਫ ਇਸਲਾਮਾਬਾਦ ਸਥਿਤ ਪੰਜਾਬ ਭਵਨ ਵਿਚ ਰੁਕਣਗੇ ਅਤੇ ਅੱਜ ਅਤੇ ਕੱਲ੍ਹ ਪਾਰਟੀ ਦੇ ਨੇਤਾਵਾਂ ਨਾਲ ਬੈਠਕ ਕਰਨਗੇ । ਅਧਿਕਾਰੀਆਂ ਨੇ ਦੱਸਿਆ ''ਉਹ (ਸ਼ਰੀਫ) ਮੰਗਲਵਾਰ ਭਾਵ 26 ਸਿਤੰਬਰ ਨੂੰ ਜਵਾਬਦੇਹੀ ਅਦਾਲਤ ਵਿਚ ਪੇਸ਼ ਹੋਣਗੇ ਤਾਂ ਕਿ ਆਪਣੇ ਖਿਲਾਫ ਚੱਲ ਰਹੇ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਵਿਚ ਆਪਣਾ ਬਚਾਅ ਕਰ ਸਕਣ।''


Related News