ਗਟਰ ਦਾ ਢੱਕਣ ਚੋਰੀ ਕਰਨ ਵਾਲੇ ਨੂੰ 50 ਲੱਖ ਜੁਰਮਾਨਾ! ਲਹਿੰਦੇ ਪੰਜਾਬ ਦੀ CM ਨੇ ਲਿਆਂਦਾ ਕਾਨੂੰਨ
Friday, Feb 06, 2026 - 07:19 PM (IST)
ਲਾਹੌਰ : ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਪਾਕਿਸਤਾਨ ਤੋਂ ਹੁਣ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨੀ ਪੰਜਾਬ ਵਿੱਚ ਗਟਰ ਦੇ ਢੱਕਣਾਂ ਦੀ ਵੱਡੇ ਪੱਧਰ 'ਤੇ ਹੋ ਰਹੀ ਚੋਰੀ ਨੇ ਸਰਕਾਰ ਦੀ ਨੱਕ ਵਿੱਚ ਦਮ ਕਰ ਦਿੱਤਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇੱਕ ਬੇਹੱਦ ਸਖ਼ਤ ਕਾਨੂੰਨ ਲਾਗੂ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਚੋਰਾਂ ਨੂੰ ਭਾਰੀ ਜੁਰਮਾਨੇ ਅਤੇ ਲੰਬੀ ਜੇਲ੍ਹ ਦੀ ਸਜ਼ਾ ਹੋਵੇਗੀ।
ਸਖ਼ਤ ਸਜ਼ਾ ਅਤੇ ਜੁਰਮਾਨਾ
ਗਟਰ (ਮੈਨਹੋਲ) ਦੇ ਢੱਕਣ ਚੋਰੀ ਕਰਨ, ਵੇਚਣ ਅਤੇ ਖਰੀਦਣ ਵਾਲਿਆਂ ਨੂੰ 1 ਤੋਂ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਦੋਸ਼ੀਆਂ 'ਤੇ 30 ਲੱਖ ਤੋਂ 50 ਲੱਖ ਰੁਪਏ ਤੱਕ ਦਾ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਜੇਕਰ ਕਿਸੇ ਖੁੱਲ੍ਹੇ ਮੈਨਹੋਲ ਵਿੱਚ ਡਿੱਗਣ ਕਾਰਨ ਕਿਸੇ ਬੱਚੇ ਜਾਂ ਨਾਗਰਿਕ ਦੀ ਮੌਤ ਹੋ ਜਾਂਦੀ ਹੈ, ਤਾਂ ਜ਼ਿੰਮੇਵਾਰ ਵਿਅਕਤੀ ਨੂੰ ਸਿੱਧਾ 10 ਸਾਲ ਦੀ ਕੈਦ ਭੁਗਤਣੀ ਪਵੇਗੀ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਚੋਰ ਹੀ ਨਹੀਂ, ਸਗੋਂ ਇਹ ਢੱਕਣ ਖਰੀਦਣ ਅਤੇ ਵੇਚਣ ਵਾਲੇ ਕਬਾੜੀਆਂ ਖ਼ਿਲਾਫ਼ ਵੀ ਬਰਾਬਰ ਦੀ ਕਾਰਵਾਈ ਕੀਤੀ ਜਾਵੇਗੀ।
'ਫੈਮਿਲੀ ਗੈਂਗ' ਕਰਦੇ ਹਨ ਚੋਰੀ, ਔਰਤਾਂ ਵੀ ਸ਼ਾਮਲ
ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਹੈਰਾਨ ਦੇਣ ਵਾਲਾ ਖੁਲਾਸਾ ਕੀਤਾ ਕਿ ਇਨ੍ਹਾਂ ਚੋਰੀਆਂ ਪਿੱਛੇ ਪੂਰੇ 'ਪਰਿਵਾਰਕ ਗੈਂਗ' ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਚੋਰ ਰਾਤ 11 ਤੋਂ 12 ਵਜੇ ਦੇ ਵਿਚਕਾਰ ਗਧਾ ਗੱਡੀਆਂ 'ਤੇ ਇੱਕ ਪਰਿਵਾਰ ਦੇ ਰੂਪ 'ਚ ਆਉਂਦੇ ਹਨ, ਜਿਸ 'ਚ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ ਤਾਂ ਜੋ ਕਿਸੇ ਨੂੰ ਉਨ੍ਹਾਂ 'ਤੇ ਸ਼ੱਕ ਨਾ ਹੋਵੇ। ਇਹ ਲੋਕ ਬੜੀ ਸਫਾਈ ਨਾਲ ਢੱਕਣ ਉਤਾਰ ਕੇ ਆਪਣੀ ਗੱਡੀ 'ਤੇ ਲੱਦ ਕੇ ਫ਼ਰਾਰ ਹੋ ਜਾਂਦੇ ਹਨ।
ਕਿਉਂ ਪਈ ਸਖ਼ਤ ਕਾਨੂੰਨ ਦੀ ਲੋੜ?
ਦਰਅਸਲ, ਪਿਛਲੇ ਕੁਝ ਮਹੀਨਿਆਂ 'ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਖੁੱਲ੍ਹੇ ਸੀਵਰਾਂ 'ਚ ਡਿੱਗਣ ਕਾਰਨ ਕਈ ਮਾਸੂਮ ਬੱਚਿਆਂ ਅਤੇ ਰਾਹਗੀਰਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਘਟਨਾਵਾਂ ਕਾਰਨ ਸਰਕਾਰ ਦੀ ਕਾਫੀ ਕਿਰਕਿਰੀ ਹੋ ਰਹੀ ਸੀ। ਨਵੇਂ ਕਾਨੂੰਨ ਰਾਹੀਂ ਨਾ ਸਿਰਫ਼ ਚੋਰਾਂ, ਸਗੋਂ ਉਨ੍ਹਾਂ ਅਧਿਕਾਰੀਆਂ ਅਤੇ ਵਿਭਾਗਾਂ 'ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ ਜਿਨ੍ਹਾਂ ਦੀ ਲਾਪਰਵਾਹੀ ਕਾਰਨ ਮੈਨਹੋਲ ਖੁੱਲ੍ਹੇ ਰਹਿੰਦੇ ਹਨ। ਮਰੀਅਮ ਨਵਾਜ਼ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦਿਨ ਵੇਲੇ ਢੱਕਣ ਲਗਾਉਂਦਾ ਹੈ ਅਤੇ ਰਾਤ ਨੂੰ ਉਹ ਚੋਰੀ ਹੋ ਜਾਂਦੇ ਹਨ, ਜਿਸ ਕਾਰਨ ਇਹ ਸਖ਼ਤ ਕਦਮ ਚੁੱਕਣਾ ਲਾਜ਼ਮੀ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
