ਪਾਕਿ ਦਾ ਪ੍ਰਧਾਨ ਮੰਤਰੀ ਬਣਨ ਲਈ ਟਾਵਰ ''ਤੇ ਚੜਿਆ ਵਿਅਕਤੀ
Saturday, Dec 22, 2018 - 09:07 PM (IST)

ਇਸਲਾਮਾਬਾਦ — ਇਕ ਪਾਕਿਸਤਾਨੀ ਵਿਅਕਤੀ 'ਤੇ ਪ੍ਰਧਾਨ ਮੰਤਰੀ ਬਣਨ ਦਾ ਇੰਨਾ ਜ਼ਿਆਦਾ ਪਾਗਲਪਨ ਸਵਾਰ ਹੋ ਗਿਆ ਕਿ ਉਹ ਮੋਬਾਇਲ ਟਾਵਰ 'ਤੇ ਚੜ੍ਹ ਕੇ ਮੰਗ ਕਰਨ ਲੱਗਾ ਕਿ ਉਸ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇ। ਸਥਾਨਕ ਨਿਊਜ਼ ਚੈਨਲ ਮੁਤਾਬਕ ਵਿਅਕਤੀ ਦੀ ਪਛਾਣ ਮੁਹੰਮਦ ਅੱਬਾਸ ਦੇ ਤੌਰ 'ਤੇ ਹੋਈ ਹੈ। ਉਹ ਇਸਲਾਮਾਬਾਦ ਦੇ ਬਲੂ ਏਰੀਆ ਸਥਿਤ ਇਕ ਟਾਵਰ 'ਤੇ ਹੱਥ 'ਚ ਪਾਕਿਸਤਾਨ ਦਾ ਝੰਡਾ ਲੈ ਕੇ ਚੜ੍ਹ ਗਿਆ। ਇਸ ਤੋਂ ਬਾਅਦ ਮੌਕੇ 'ਤੇ ਪੁਲਸ ਅਤੇ ਰਾਹਤ ਏਜੰਸੀਆਂ ਪਹੁੰਚ ਗਈਆਂ।
ਪੁਲਸ ਨੇ ਉਸ ਨੂੰ ਹੇਠਾਂ ਆਉਣ ਨੂੰ ਕਈ ਵਾਰ ਕਿਹਾ ਪਰ ਉਹ ਆਪਣੀ ਮੰਗ 'ਤੇ ਅੜਿਆ ਰਿਹਾ ਕਿ ਜਦੋਂ ਤੱਕ ਉਸ ਨਾਲ ਪ੍ਰਧਾਨ ਮੰਤਰੀ ਬਣਨ ਦਾ ਵਾਅਦਾ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਉਹ ਟਾਵਰ ਤੋਂ ਹੇਠਾਂ ਨਹੀਂ ਉਤਰੇਗਾ। ਸਥਾਨਕ ਅਧਿਕਾਰੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਉਸ ਦੀ ਗੱਲ ਕਰਾਉਣ ਦੀ ਵਿਵਸਥਾ ਕਰਨ। ਜਦੋਂ ਉਸ ਵਿਅਕਤੀ ਨੇ ਹੇਠਾਂ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਅਧਿਕਾਰੀਆਂ ਨੇ ਮਿਮੀਕ੍ਰੀ (ਕਲਾਕਾਰਾਂ ਦੀ ਨਕਲ ਕਰਨ ਵਾਲਾ) ਕਲਾਕਾਰ ਸ਼ਫਾਅਤ ਅਲੀ ਤੋਂ ਉਸ ਨਾਲ ਇਮਰਾਨ ਖਾਨ ਦੀ ਆਵਾਜ਼ 'ਚ ਗੱਲ ਕਰਨ ਲਈ ਕਿਹਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਟਾਵਰ 'ਤੇ {ਚੜ੍ਹੇ ਵਿਅਕਤੀ ਨੇ ਕਲਾਕਾਰ ਨਾਲ ਇਹ ਸੋਚ ਕੇ ਕਰੀਬ 5 ਮਿੰਟ ਗੱਲ ਕੀਤੀ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰ ਰਿਹਾ ਹੈ ਅਤੇ ਗੱਲ ਕਰਨ ਤੋਂ ਬਾਅਦ ਉਹ ਟਾਵਰ ਤੋਂ ਹੇਠਾਂ ਉਤਰ ਆਇਆ। ਪੁਲਸ ਨੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਸ ਨੂੰ ਸਥਾਨਕ ਪੁਲਸ ਥਾਣੇ ਲੈ ਗਈ, ਉਕਤ ਵਿਅਕਤੀ ਦੇ ਬਾਰੇ 'ਚ ਮੰਨਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਰੂਪ ਤੋਂ ਅਸਥਿਰ ਹੈ।