ਪਾਕਿ ਸਾਂਸਦ ਦੀ ਮੰਗ, ਹਿੰਦੂਆਂ ਨੂੰ ਮਿਲੇ ''ਗੈਰ-ਮੁਸਲਿਮ'' ਦਾ ਦਰਜਾ

Sunday, May 30, 2021 - 10:08 AM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਇਕ ਹਿੰਦੂ ਸਾਂਸਦ ਨੇ ਸੰਸਦ ਦੇ ਹੇਠਲੇ ਸਦਨ ਵਿਚ ਬਿੱਲ ਪੇਸ਼ ਕਰ ਕੇ ਸੰਵਿਧਾਨ ਵਿਚ ਧਾਰਮਿਕ ਘੱਟ ਗਿਣਤੀਆਂ ਦਾ ਜ਼ਿਕਰ 'ਗੈਰ-ਮੁਸਲਿਮ' ਦੇ ਤੌਰ 'ਤੇ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਦੇਸ਼ ਵਿਚ ਵਿਤਕਰਾ ਖ਼ਤਮ ਕਰ ਕੇ ਹਰੇਕ ਨਾਗਰਿਕ ਲਈ ਬਰਾਬਰੀ ਅਤੇ ਨਿਆਂ ਯਕੀਨੀ ਕੀਤਾ ਜਾ ਸਕੇ। ਵਿਰੋਧੀ ਦਲ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸਾਂਸਦ ਫੀਸੋ ਮਲ ਕੀਆਲ ਦਾਸ ਨੇ ਨੈਸ਼ਨਲ ਅਸੈਂਬਲੀ ਪ੍ਰਕਿਰਿਆ ਅਤੇ ਕੰਮਕਾਜ ਸੰਚਾਲਨ ਨਿਯਮ, 2007 ਦੇ ਨਿਯਮ 116 ਦੇ ਤਹਿਤ ਨੈਸ਼ਨਲ ਅਸੈਂਬਲੀ ਵਿਚ ਗੈਰ ਸਰਕਾਰੀ ਬਿੱਲ ਪੇਸ਼ ਕੀਤਾ ਹੈ। ਸੰਵਿਧਾਨ ਸੋਧ ਐਕਟ 2021 ਨਾਮ ਦੇ ਇਸ ਬਿੱਲ ਦਾ ਉਦੇਸ਼ ਪਾਕਿਸਤਾਨੀ ਗੈਰ ਮੁਸਲਿਮਾਂ ਦੇ ਖ਼ਿਲਾਫ਼ ਵਿਤਕਰਾ ਖ਼ਤਮ ਕਰਨਾ ਹੈ ਜਿਹਨਾਂ ਨੂੰ ਸੰਵਿਧਾਨ ਵਿਚ ਘੱਟ ਗਿਣਤੀ ਕਿਹਾ ਗਿਆ ਹੈ। 

ਉਹਨਾਂ ਨੇ ਕਿਹਾ ਕਿ ਇਸ ਬਿੱਲ ਨੂੰ ਸਵੀਕਾਰ ਕਰ ਕੇ ਤੁਰੰਤ ਪ੍ਰਭਾਵ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਨੇ ਬਿੱਲ ਦਾ ਵਿਰੋਧ ਨਹੀਂ ਕੀਤਾ ਹੈ ਅਤੇ ਮਾਮਲਾ ਸੰਬੰਧਤ ਸਥਾਈ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਸਦਨ ਦੀ ਦੋ ਦਲੀ ਕਮੇਟੀ ਵੱਲੋਂ ਇਸ ਦੀ ਸਮੀਖਿਆ ਕੀਤੇ ਜਾਣ ਦੇ ਬਾਅਦ ਇਸ ਨੂੰ ਵੋਟਿੰਗ ਲਈ ਪੇਸ਼ ਕੀਤਾ ਜਾਵੇਗਾ। ਦਾਸ ਨੇ ਬਿੱਲ ਵਿਚ ਕਿਹਾ,''ਦੇਸ਼ ਦੀ ਵੱਡੀ ਆਬਾਦੀ ਨੂੰ ਘੱਟਗਿਣਤੀ ਘੋਸ਼ਿਤ ਕਰ ਕੇ ਉਹਨਾਂ ਨਾਲ ਵਿਤਕਰਾ ਕਰਨਾ ਸੰਵਿਧਾਨ, 1973 ਦੀ ਭਾਵਨਾ ਦੇ ਵਿਰੁੱਧ ਹੈ।ਇਸ ਆਬਾਦੀ ਨੇ ਜੀਵਨ ਦੇ ਹਰ ਖੇਤਰ ਅਤੇ ਦੇਸ਼ ਦੇ ਵਿਕਾਸ ਅਤੇ ਉਜਵੱਲ ਭਵਿੱਖ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।'' 

ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਸਾਂਸਦ ਨੇ ਸੰਸਦ ਦੀ ਵੀਡੀਓ ਕਾਨਫਰੰਸ ਦੌਰਾਨ ਦੂਜੀ ਵਾਰ ਕੀਤੀ ਸ਼ਰਮਨਾਕ ਹਰਕਤ

ਉਹਨਾਂ ਨੇ ਕਿਹਾ,''ਸੰਵਿਧਾਨ ਵਿਚ ਚਾਰ ਵਾਰ 'ਘੱਟਗਿਣਤੀ' ਅਤੇ 15 ਵਾਰ 'ਗੈਰ-ਮੁਸਲਿਮ' ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਜੋ ਸੰਵਿਧਾਨ ਨਿਰਮਾਤਾਵਾਂ ਦੇ ਇਰਾਦੇ ਨੂੰ ਦਰਸਾਉਂਦਾ ਹੈ। ਲਿਹਾਜਾ ਘੱਟ ਗਿਣਤੀ ਦੀ ਜਗ੍ਹਾ ਗੈਰ ਮੁਸਲਿਮ ਸ਼ਬਦ ਦੀ ਵਰਤੋਂ ਕਰਕੇ ਮਤਭੇਦ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।'' ਉਹਨਾਂ ਨੇ ਕਿਹਾ ਕਿ ਸੰਵਿਧਾਨਕ ਸੋਧ ਪਾਕਿਸਤਾਨ ਵਿਚ ਹਰੇਕ ਨਾਗਰਿਕ ਲਈ ਸਮਾਨਤਾ ਅਤੇ ਨਿਆਂ ਸਥਾਪਿਤ ਕਰਨ ਦੀ ਇਕ ਰਚਨਾਤਮਕ ਕੋਸ਼ਿਸ਼ ਹੋਵੇਗੀ।

ਇੱਥੇ ਦੱਸ ਦਈਏ ਕਿ ਪਾਕਿਸਤਾਨ ਦੀ ਕੁੱਲ 22 ਕਰੋੜ ਦੀ ਆਬਾਦੀ ਵਿਚ ਗੈਰ- ਮੁਸਲਿਮਾਂ ਦੀ ਆਬਾਦੀ 3.5 ਫੀਸਦੀ ਦੇ ਕਰੀਬ ਹੈ। ਪਾਕਿਸਤਾਨ ਵਿਚ ਹਿੰਦੂ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹੈ। ਅਧਿਕਾਰਤ ਅਨੁਮਾਨ ਮੁਤਾਬਕ ਪਾਕਿਸਤਾਨ ਵਿਚ 75 ਲੱਖ ਹਿੰਦੂ ਰਹਿੰਦੇ ਹਨ। ਭਾਵੇਂਕਿ ਹਿੰਦੂ ਭਾਈਚਾਰੇ ਮੁਤਾਬਕ ਉਹਨਾਂ ਦੀ ਆਬਾਦੀ 90 ਲੱਖ ਤੋਂ ਵੱਧ ਹੈ। ਪਾਕਿਸਤਾਨ ਵਿਚ ਹਿੰਦੂ ਆਬਾਦੀ ਦਾ ਇਕ ਵੱਡਾ ਹਿੱਸਾ ਸਿੰਧ ਸੂਬੇ ਵਿਚ ਰਹਿੰਦਾ ਹੈ। ਹਿੰਦੂਆਂ ਦੇ ਇਲਾਵਾ ਪਾਕਿਸਤਾਨ ਵਿਚ ਹੋਰ ਘੱਟ ਗਿਣਤੀਆਂ ਵਿਚ ਈਸਾਈ, ਅਹਿਮਦੀ, ਬਹਾਈ, ਪਾਰਸੀ ਅਤੇ ਬੌਧ ਸ਼ਾਮਲ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News