ਫਰਾਂਸ ''ਤੇ ਵਿਵਾਦਿਤ ਟਿੱਪਣੀ ਕਰਕੇ ਫਸੀ ਪਾਕਿ ਦੀ ਮੰਤਰੀ, ਮੰਗਣੀ ਪਈ ਮੁਆਫੀ
Tuesday, Nov 24, 2020 - 03:13 PM (IST)
ਇਸਲਾਮਾਬਾਦ- ਆਪਣੇ ਵਿਵਾਦਿਤ ਬਿਆਨਾਂ ਕਾਰਨ ਦੁਨੀਆ ਦੇ ਸਾਹਮਣੇ ਬੇਇੱਜ਼ਤੀ ਕਰਵਾਉਣ ਵਾਲੇ ਪਾਕਿਸਤਾਨ ਨੂੰ ਇਕ ਵਾਰ ਫਿਰ ਵਿਸ਼ਵ ਪੱਧਰ 'ਤੇ ਸ਼ਰਮਸਾਰ ਹੋਣਾ ਪਿਆ।
ਇਸ ਵਾਰ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੂੰ ਫਰਾਂਸੀਸੀ ਰਾਸ਼ਟਰਪਤੀ 'ਤੇ ਕੀਤੇ ਨਾ ਸਿਰਫ ਆਪਣੇ ਵਿਵਾਦਿਤ ਟਵੀਟ ਨੂੰ ਹਟਾਉਣਾ ਪਿਆ ਬਲਕਿ ਉਨ੍ਹਾਂ ਨੂੰ ਆਪਣੇ ਕੀਤੇ ਦੀ ਮੁਆਫੀ ਵੀ ਮੰਗਣੀ ਪਈ। ਮਜਾਰੀ ਨੇ ਕਿਹਾ ਕਿ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਸਰਕਾਰ ਮੁਸਲਮਾਨਾਂ 'ਤੇ ਉਸੇ ਤਰ੍ਹਾਂ ਅੱਤਿਆਚਾਰ ਕਰ ਰਹੀ ਹੈ, ਜਿਵੇਂ ਨਾਜ਼ੀ ਸ਼ਾਸਨਕਾਲ ਵਿਚ ਯਹੂਦੀਆਂ 'ਤੇ ਕੀਤੇ ਗਏ।
ਪਾਕਿਸਤਾਨੀ ਮੰਤਰੀ ਦੇ ਇਸ ਟਵੀਟ 'ਤੇ ਰਾਸ਼ਟਰਪਤੀ ਮੈਕਰੋਂ ਨਾਰਾਜ਼ ਹੋ ਗਏ ਤੇ ਫਰਾਂਸ ਨੇ ਮਜਾਰੀ ਨੂੰ ਟਿੱਪਣੀ ਵਾਪਸ ਲੈਣ ਲਈ ਕਿਹਾ। ਦੋ ਦਿਨ ਪਹਿਲਾਂ ਸ਼ਿਰੀਨ ਮਜਾਰੀ ਨੇ ਇਕ ਲੇਖ ਦਾ ਹਵਾਲਾ ਦਿੰਦੇ ਹੋਏ ਕੁਝ ਟਵੀਟ ਕੀਤੇ ਸਨ, ਜਿਸ ਵਿਚ ਕਿਹਾ ਗਿਆ ਸੀ ਕਿ ਮੈਕਰੋਂ ਸਰਕਾਰ ਉੱਥੋਂ ਦੇ ਮੁਸਲਮਾਨਾਂ 'ਤੇ ਨਾਜੀਆਂ ਵਲੋਂ ਯਹੂਦੀਆਂ 'ਤੇ ਕੀਤੇ ਗਏ ਅੱਤਿਆਚਾਰਾਂ ਵਰਗਾ ਵਰਤਾਅ ਕਰ ਰਹੀ ਹੈ। ਇਸ 'ਤੇ ਫਰਾਂਸੀਸੀ ਵਿਦੇਸ਼ ਮੰਤਰਾਲੇ ਨੇ ਆਪਣੇ ਪਾਕਿਸਤਾਨੀ ਦੂਤਘਰ ਨੂੰ ਪਾਕਿ ਸਰਕਾਰ ਨਾਲ ਸੰਪਰਕ ਕਰਕੇ ਇਤਰਾਜ਼ ਜਤਾਉਣ ਲਈ ਕਿਹਾ। ਫਰਾਂਸ ਨੇ ਕਿਹਾ ਕਿ ਜਾਂ ਤਾਂ ਮੰਤਰੀ ਆਪਣੇ ਦਾਅਵੇ ਦੇ ਪੱਖ ਵਿਚ ਸਬੂਤ ਪੇਸ਼ ਕਰੇ ਜਾਂ ਮੁਆਫੀ ਮੰਗੇ।
ਮੀਡੀਆ ਰਿਪੋਰਟਾਂ ਮੁਤਾਬਕ ਫਰਾਂਸ ਦੇ ਸਖ਼ਤ ਵਿਵਹਾਰ ਅੱਗੇ ਪਾਕਿਸਤਾਨ ਨੂੰ ਝੁਕਣਾ ਪਿਆ ਤੇ ਮਨੁੱਖੀ ਅਧਿਕਾਰ ਮੰਤਰੀ ਨੂੰ ਮੁਆਫੀ ਮੰਗਣੀ ਪਈ। ਮਜਾਰੀ ਨੇ ਲਿਖਿਆ, ਮੈਂ ਆਪਣੀ ਗਲਤੀ ਸੁਧਾਰਦੇ ਹੋਏ ਟਵੀਟ ਡਲੀਟ ਕਰ ਰਹੀ ਹਾਂ ਤੇ ਇਸ ਗਲਤੀ ਲਈ ਮੁਆਫੀ ਮਹਿਸੂਸ ਕਰ ਰਹੀ ਹੈ। ਫਰਾਂਸ ਨੇ ਪਾਕਿਸਤਾਨੀ ਮਨੁੱਖੀ ਅਧਿਕਾਰੀ ਮੰਤਰੀ ਸ਼ਿਰੀਨ ਮਜਾਰੀ ਦੇ ਟਵੀਟ ਨੂੰ ਨਫ਼ਰਤ ਨਾਲ ਭਰਿਆ ਤੇ ਨਫ਼ਰਤ ਫੈਲਾਉਣ ਵਾਲਾ ਮੰਨਿਆ।
ਫਰਾਂਸੀਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਨੇ ਕਿਹਾ ਕਿ ਇਹ ਸ਼ਬਦ ਝੂਠ ਤੇ ਹਿੰਸਾ ਦੀ ਵਿਚਾਰਧਾਰਾ ਨਾਲ ਜੁੜੇ ਹਨ। ਅਸੀਂ ਇਸ ਦਾ ਵਿਰੋਧ ਕਰਦੇ ਹਾਂ।