ਪਾਕਿ ਸਰਕਾਰ ਨੇ ਭਿਖਾਰੀਆਂ ਨੂੰ ਕੀਤਾ 'ਬਲੈਕਲਿਸਟ', ਸਾਊਦੀ ਦੀ ਨਾਰਾਜ਼ਗੀ 'ਤੇ ਕਾਰਵਾਈ

Thursday, Nov 21, 2024 - 10:30 AM (IST)

ਪਾਕਿ ਸਰਕਾਰ ਨੇ ਭਿਖਾਰੀਆਂ ਨੂੰ ਕੀਤਾ 'ਬਲੈਕਲਿਸਟ', ਸਾਊਦੀ ਦੀ ਨਾਰਾਜ਼ਗੀ 'ਤੇ ਕਾਰਵਾਈ

ਇਸਲਾਮਾਬਾਦ— ਸਾਊਦੀ ਅਰਬ 'ਚ ਪਾਕਿਸਤਾਨੀ ਭਿਖਾਰੀਆਂ 'ਤੇ ਰਿਆਦ ਦੀ ਨਾਰਾਜ਼ਗੀ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਨੇ ਕਾਰਵਾਈ ਕੀਤੀ ਹੈ। ਸ਼ਹਿਬਾਜ਼ ਸ਼ਰੀਫ ਸਰਕਾਰ ਨੇ ਸਾਊਦੀ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਪਾਕਿਸਤਾਨ ਤੋਂ ਭਿਖਾਰੀਆਂ ਨੂੰ ਸਾਊਦੀ ਅਰਬ ਭੇਜਣ ਵਾਲੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਪ੍ਰਭਾਵੀ ਕਦਮ ਚੁੱਕੇ ਜਾਣਗੇ। ਬੁੱਧਵਾਰ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਅਤੇ ਸਾਊਦੀ ਅਰਬ ਦੇ ਉਪ ਗ੍ਰਹਿ ਮੰਤਰੀ ਨਾਸਿਰ ਬਿਨ ਅਬਦੁਲਅਜ਼ੀਜ਼ ਅਲ-ਦਾਊਦ ਵਿਚਾਲੇ ਮੀਟਿੰਗ ਹੋਈ, ਜਿਸ 'ਚ ਭਿਖਾਰੀ ਗੈਂਗ ਨੂੰ ਖ਼ਤਮ ਕਰਨ 'ਤੇ ਚਰਚਾ ਕੀਤੀ ਗਈ।

ਭਿਖਾਰੀਆਂ ਦੇ ਨੈੱਟਵਰਕ ਨੂੰ ਤੋੜਨ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕਰਦਿਆਂ ਨਕਵੀ ਨੇ ਸਾਊਦੀ ਉਪ ਮੰਤਰੀ ਨੂੰ ਕਿਹਾ ਕਿ ਇਸਲਾਮਾਬਾਦ ਇਸ ਮਾਮਲੇ ਵਿੱਚ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਿਹਾ ਹੈ। ਪਾਕਿਸਤਾਨ ਤੋਂ ਭਿਖਾਰੀਆਂ ਨੂੰ ਸਾਊਦੀ ਜਾਣ ਤੋਂ ਰੋਕਣ ਲਈ ਪਾਕਿਸਤਾਨ ਨੇ 4300 ਵਿਅਕਤੀਆਂ ਨੂੰ ਐਗਜ਼ਿਟ ਕੰਟਰੋਲ ਲਿਸਟ (ਈ.ਸੀ.ਐਲ) ਵਿੱਚ ਪਾ ਦਿੱਤਾ ਹੈ। ਇਸ ਸੂਚੀ ਵਿੱਚ ਰੱਖੇ ਗਏ ਲੋਕਾਂ ਦੇ ਵਿਦੇਸ਼ ਜਾਣ ਤੋਂ ਰੋਕ ਰਹਿੰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੀ ਬੱਚੀ ਬਣੀ ਗਣਿਤ ਦੀ ਸਟਾਰ, ਮਿਲਣਗੇ 1 ਲੱਖ ਡਾਲਰ

ਸਾਊਦੀ ਅਰਬ ਨੇ ਜਤਾਈ ਸੀ ਨਾਰਾਜ਼ਗੀ 

ਸਾਊਦੀ ਅਰਬ ਨੇ ਹਾਲ ਹੀ 'ਚ ਹੱਜ ਅਤੇ ਉਮਰਾਹ ਵੀਜ਼ਾ ਦੇ ਨਾਂ 'ਤੇ ਪਾਕਿਸਤਾਨੀ ਭਿਖਾਰੀਆਂ ਦੇ ਦੇਸ਼ 'ਚ ਦਾਖਲ ਹੋਣ ਦੀ ਵਧਦੀ ਗਿਣਤੀ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਸਾਊਦੀ ਅਧਿਕਾਰੀਆਂ ਨੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੂੰ ਇਨ੍ਹਾਂ ਵੀਜ਼ਿਆਂ ਤਹਿਤ ਦੇਸ਼ ਵਿੱਚ ਦਾਖ਼ਲ ਹੋਣ ਵਾਲੇ ਭਿਖਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਸੀ। ਸਾਊਦੀ ਅਰਬ ਦੇ ਗੁੱਸੇ ਨੂੰ ਰੋਕਣ ਲਈ ਪਾਕਿਸਤਾਨ ਸਰਕਾਰ ਨੇ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਜਾਣਕਾਰੀ ਸਾਊਦੀ ਅਰਬ ਨੂੰ ਸ਼ਹਿਬਾਜ਼ ਸ਼ਰੀਫ ਦੇ ਮੰਤਰੀ ਮੋਹਸਿਨ ਨਕਵੀ ਨੇ ਦਿੱਤੀ ਹੈ। ਨਕਵੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਸਰਕਾਰ ਭਿਖਾਰੀ ਮਾਫੀਆ ਖ਼ਿਲਾਫ਼ ਦੇਸ਼ ਵਿਆਪੀ ਕਾਰਵਾਈ ਕਰ ਰਹੀ ਹੈ। ਪਾਕਿਸਤਾਨ ਦੇਸ਼ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਭਿਖਾਰੀਆਂ ਦੇ ਖ਼ਿਲਾਫ਼ ਕਈ ਸਖਤ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਇਸ ਵਿੱਚ ਸ਼ਰਧਾਲੂਆਂ ਨੂੰ ਉਮਰਾਹ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਕ ਹਲਫ਼ਨਾਮਾ ਦੇਣਾ ਹੋਵੇਗਾ, ਜਿਸ ਵਿੱਚ ਉਨ੍ਹਾਂ ਨੂੰ ਭੀਖ ਨਾ ਮੰਗਣ ਦਾ ਵਾਅਦਾ ਕਰਨਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News