ਸਾਊਦੀ ਵਿਦੇਸ਼ ਮੰਤਰੀ ਸਾਹਮਣੇ 'ਆਕੜ' ਕੇ ਬੈਠੇ ਸ਼ਾਹ ਮਹਿਮੂਦ ਕੁਰੈਸ਼ੀ, ਜਨਤਾ ਦਾ ਫੁੱਟਿਆ ਗੁੱਸਾ
Friday, Dec 31, 2021 - 12:16 PM (IST)
ਇਸਲਾਮਾਬਾਦ/ਰਿਆਦ (ਬਿਊਰੋ): ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਕ ਵਾਰ ਫਿਰ ਸਾਊਦੀ ਅਰਬ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਲਈ ਸਿਰ ਦਰਦ ਸਾਬਤ ਹੋਏ ਹਨ। ਅਸਲ ਵਿਚ ਮੰਗਲਵਾਰ ਨੂੰ ਕੁਰੈਸ਼ੀ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਕੁਰੈਸ਼ੀ ਉਹਨਾਂ ਸਾਹਮਣੇ ਅਪਮਾਨਜਨਕ ਢੰਗ ਨਾਲ ਆਕੜ ਕੇ ਬੈਠ ਗਏ। ਉਹਨਾਂ ਦਾ ਬੂਟ ਸਾਊਦੀ ਵਿਦੇਸ਼ ਮੰਤਰੀ ਦੇ ਵੱਲ ਸੀ। ਕੁਰੈਸ਼ੀ ਦੇ ਬੈਠਣ ਦੇ ਢੰਗ 'ਤੇ ਸਾਊਦੀ ਜਨਤਾ ਭੜਕ ਗਈ ਹੈ। ਜਨਤਾ ਨੇ ਪਾਕਿਸਤਾਨ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।ਅਰਬ ਨਿਊਜ਼ ਦੀ ਰਿਪੋਰਟ ਮੁਤਾਬਕ ਸਾਊਦੀ ਅਰਬ ਦੀ ਸਰਕਾਰ ਵੱਲੋਂ ਪਾਕਿਸਤਾਨ ਸਾਹਮਣੇ ਸਖ਼ਤ ਪ੍ਰਤੀਕਿਰਿਆ ਦਿੱਤੀ ਗਈ ਹੈ ਅਤੇ ਵਿਦੇਸ਼ ਮੰਤਰੀ ਕੁਰੈਸ਼ੀ ਦੇ ਅਪਮਾਨਜਨਕ ਵਿਵਹਾਰ ਨੂੰ ਲੈਕੇ ਸਖ਼ਤ ਨਾਰਾਜ਼ਗੀ ਜਤਾਈ ਗਈ ਹੈ।
ਸਾਊਦੀ ਅਰਬ ਦੇ ਲੋਕ ਸੋਸ਼ਲ ਮੀਡੀਆ 'ਤੇ ਇਸਲਾਮਾਬਾਦ 'ਚ ਦੇਸ਼ ਦੇ ਵਿਦੇਸ਼ ਮੰਤਰੀ ਨਵਾਫ ਬਿਨ ਸੈਦ ਅਲ ਮਲਕੀ ਦੇ ਸਾਹਮਣੇ ਬੈਠੇ ਪਾਕਿਸਤਾਨੀ ਵਿਦੇਸ਼ ਮੰਤਰੀ ਕੁਰੈਸ਼ੀ ਦੀ ਤਿੱਖੀ ਆਲੋਚਨਾ ਕਰ ਰਹੇ ਹਨ। ਇਸ ਤਸਵੀਰ 'ਚ ਕੁਰੈਸ਼ੀ ਨੇ ਆਪਣਾ ਬੂਟ ਸਾਊਦੀ ਵਿਦੇਸ਼ ਮੰਤਰੀ ਵੱਲ ਕੀਤਾ ਹੋਇਆ ਹੈ ਅਤੇ ਅਜਿਹਾ ਵਿਵਹਾਰ ਸਾਊਦੀ ਲੋਕਾਂ ਨੂੰ ਬਿਲਕੁੱਲ ਚੰਗਾ ਨਹੀਂ ਲੱਗਾ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਦੋਹਾਂ ਮੰਤਰੀਆਂ ਨੇ ਇਲਾਕੇ ਦੀ ਤਾਜ਼ਾ ਸਥਿਤੀ 'ਤੇ ਚਰਚਾ ਕੀਤੀ ਅਤੇ ਆਪਸੀ ਸਬੰਧਾਂ ਦੀ ਸਮੀਖਿਆ ਕੀਤੀ।
ਸਾਊਦੀ ਜਨਤਾ ਨੇ ਕਹੀ ਇਹ ਗੱਲ
ਉੱਧਰ ਸਾਊਦੀ ਜਨਤਾ ਨੇ ਇਸ ਮੀਟਿੰਗ ਨੂੰ ਵੱਖਰੇ ਤਰੀਕੇ ਨਾਲ ਲਿਆ ਗਿਆ ਹੈ। ਇਕ ਯੂਜ਼ਰ ਨੇ ਟਿੱਪਣੀ ਕੀਤੀ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸਾਊਦੀ ਵਿਦੇਸ਼ ਮੰਤਰੀ ਦਾ ਸਵਾਗਤ ਬਹੁਤ ਹੀ ਗਲਤ ਤਰੀਕੇ ਨਾਲ ਕੀਤਾ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਵੱਲੋਂ ਸਾਊਦੀ ਵਿਦੇਸ਼ ਮੰਤਰੀ ਦਾ ਇਸ ਤਰ੍ਹਾਂ ਸੁਆਗਤ ਕਰਨ ਦਾ ਕੋਈ ਵੱਡਾ ਕਾਰਨ ਮਤਲਬ ਮੈਡੀਕਲੀ ਨਹੀਂ ਹੈ ਤਾਂ ਇਹ ਬੇਸ਼ਰਮੀ, ਮੂਰਖਤਾ ਅਤੇ ਡਿਪਲੋਮੈਟਿਕ ਪ੍ਰੋਟੋਕੋਲ ਦੇ ਮੂਲ ਸਿਧਾਂਤਾਂ ਦੀ ਅਣਦੇਖੀ ਦੀ ਹੱਦ ਹੈ। ਇਕ ਟਵਿੱਟਰ ਯੂਜ਼ਰ ਨੇ ਕਿਹਾ ਕਿ ਜੇਕਰ ਮੈਂ ਸਾਊਦੀ ਵਿਦੇਸ਼ ਮੰਤਰੀ ਦੇ ਨਾਲ ਹੁੰਦਾ ਤਾਂ ਮੈਂ ਉੱਠ ਕੇ ਚਲਾ ਜਾਂਦਾ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਤੀ ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਰੁੱਖਾ, ਮੂਰਖਤਾਪੂਰਨ ਅਤੇ ਗੈਰ-ਕੂਟਨੀਤਕ ਵਿਵਹਾਰ ਹੈ। ਜਿਸ ਤਰ੍ਹਾਂ ਸਾਊਦੀ ਵਿਦੇਸ਼ ਮੰਤਰੀ ਨੇ ਚੁੱਪਚਾਪ ਇਸ ਅਪਮਾਨ ਨੂੰ ਬਰਦਾਸ਼ਤ ਕੀਤਾ, ਮੈਂ ਉਸ ਦੀ ਪ੍ਰਸ਼ੰਸਾ ਕਰਦਾ ਹਾਂ। ਪਾਕਿਸਤਾਨ ਅਤੇ ਸਾਊਦੀ ਅਰਬ ਦੇ ਵਿਚਕਾਰ ਡੂੰਘੇ ਕੂਟਨੀਤਕ ਅਤੇ ਫ਼ੌਜੀ ਸਬੰਧ ਹਨ ਪਰ ਪਾਕਿਸਤਾਨ ਦੇ ਮੂਰਖਤਾ ਭਰੇ ਵਤੀਰੇ ਕਾਰਨ ਹਾਲ ਹੀ ਦੇ ਸਾਲਾਂ ਵਿੱਚ ਵਿਗੜ ਗਏ ਹਨ।
ਕੁਰੈਸ਼ੀ ਨੇ ਸਾਊਦੀ ਅਰਬ ਨੂੰ ਦਿੱਤੀ ਸੀ ਧਮਕੀ
ਇਸ ਤੋਂ ਪਹਿਲਾਂ ਚੀਨ ਅਤੇ ਤੁਰਕੀ ਦੇ ਇਸ਼ਾਰੇ 'ਤੇ ਨੱਚ ਰਹੇ ਪਾਕਿਸਤਾਨ ਨੇ ਕਸ਼ਮੀਰ ਨੂੰ ਲੈ ਕੇ ਆਪਣੇ ਪੁਰਾਣੇ 'ਦੋਸਤ' ਸਾਊਦੀ ਅਰਬ ਨੂੰ ਧਮਕੀ ਦਿੱਤੀ ਸੀ। ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਦਾ ਸਮਰਥਨ ਨਾ ਕਰਨ ਤੋਂ ਨਿਰਾਸ਼ ਪਾਕਿਸਤਾਨੀ ਵਿਦੇਸ਼ ਮੰਤਰੀ ਕੁਰੈਸ਼ੀ ਨੇ ਸਾਊਦੀ ਅਰਬ ਦੀ ਅਗਵਾਈ ਵਾਲੀ ਇਸਲਾਮਿਕ ਦੇਸ਼ਾਂ ਦੀ ਸੰਸਥਾ (ਓ.ਆਈ.ਸੀ.) ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਕਿਹਾ ਸੀ ਕਿ ਓ.ਆਈ.ਸੀ. ਨੂੰ ਕਸ਼ਮੀਰ 'ਤੇ ਆਪਣੇ ਵਿਦੇਸ਼ ਮੰਤਰੀ ਪ੍ਰੀਸ਼ਦ ਦੀ ਬੈਠਕ ਬੁਲਾਉਣ ਤੋਂ ਝਿਜਕਣਾ ਬੰਦ ਕਰਨਾ ਚਾਹੀਦਾ ਹੈ।ਕੁਰੈਸ਼ੀ ਨੇ ਕਿਹਾ ਸੀ ਕਿ ਮੈਂ ਇੱਕ ਵਾਰ ਫਿਰ ਓ.ਆਈ.ਸੀ ਨੂੰ ਪੂਰੇ ਸਨਮਾਨ ਨਾਲ ਕਹਿਣਾ ਚਾਹੁੰਦਾ ਹਾਂ ਕਿ ਵਿਦੇਸ਼ ਮੰਤਰੀ ਪ੍ਰੀਸ਼ਦ ਦੀ ਬੈਠਕ ਸਾਡੀ ਉਮੀਦ ਹੈ। ਜੇਕਰ ਤੁਸੀਂ ਇਸ ਨੂੰ ਨਹੀਂ ਬੁਲਾ ਸਕਦੇ ਤਾਂ ਮੈਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਜਿਹੇ ਇਸਲਾਮਿਕ ਦੇਸ਼ਾਂ ਦੀ ਬੈਠਕ ਬੁਲਾਉਣ ਲਈ ਕਹਿਣ 'ਤੇ ਮਜਬੂਰ ਹੋਵਾਂਗਾ ਜੋ ਕਸ਼ਮੀਰ ਦੇ ਮੁੱਦੇ 'ਤੇ ਸਾਡੇ ਨਾਲ ਖੜ੍ਹੇ ਹੋਣ ਲਈ ਤਿਆਰ ਹਨ। ਇਕ ਹੋਰ ਸਵਾਲ ਦੇ ਜਵਾਬ ਵਿਚ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਇਸ ਕਾਨੂੰਨ ਨਾਲ ਮੁਸਲਿਮਾਂ 'ਚ ਵਧੀ ਨਾਰਾਜ਼ਗੀ, ਲਾਈ ਸਰਕਾਰ ਨੂੰ ਗੁਹਾਰ
ਸਾਊਦੀ ਅਰਬ ਭਾਰਤ ਖ਼ਿਲਾਫ਼ ਨਹੀਂ ਦੇ ਰਿਹਾ ਪਾਕਿਸਤਾਨ ਦਾ ਸਾਥ
ਇੱਥੇ ਦੱਸ ਦਈਏ ਕਿ ਪਾਕਿਸਤਾਨ ਕਸ਼ਮੀਰ ਵਿਚ ਧਾਰਾ 370 ਦੇ ਖਾਤਮੇ ਤੋਂ ਬਾਅਦ ਹੀ 57 ਮੁਸਲਿਮ ਦੇਸ਼ਾਂ ਦੇ ਸੰਗਠਨ OIC ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਬੁਲਾਉਣ ਲਈ ਸਾਊਦੀ ਅਰਬ 'ਤੇ ਲਗਾਤਾਰ ਦਬਾਅ ਬਣਾ ਰਿਹਾ ਹੈ। ਹਾਲਾਂਕਿ ਹੁਣ ਤੱਕ ਉਹ ਇਸ ਕੋਸ਼ਿਸ਼ 'ਚ ਸਫਲ ਨਹੀਂ ਹੋਏ ਹਨ। ਓ.ਆਈ.ਸੀ. ਸੰਯੁਕਤ ਰਾਸ਼ਟਰ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੰਗਠਨ ਹੈ। ਓ.ਆਈ.ਸੀ. ਦੀ ਮੀਟਿੰਗ ਨਾ ਹੋਣ ਪਿੱਛੇ ਸਾਊਦੀ ਅਰਬ ਵੱਡਾ ਕਾਰਨ ਹੈ। ਸਾਊਦੀ ਅਰਬ ਓ.ਆਈ.ਸੀ. ਰਾਹੀਂ ਕਸ਼ਮੀਰ 'ਤੇ ਭਾਰਤ ਦਾ ਧਿਆਨ ਕੇਂਦਰਿਤ ਕਰਨ ਦੇ ਪਾਕਿਸਤਾਨੀ ਕਦਮ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ।