ਪਾਕਿਸਤਾਨ ਪਰਾਲੀ ਸਾੜਨ ਦਾ ਮੁੱਦਾ ਭਾਰਤ ਕੋਲ ਉਠਾਵੇਗਾ

Wednesday, Nov 01, 2023 - 03:47 PM (IST)

ਲਾਹੌਰ, (ਭਾਸ਼ਾ)- ਪਾਕਿਸਤਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤੀ ਸੂਬੇ ਪੰਜਾਬ ਵਿਚ ਪਰਾਲੀ ਸਾੜਨ ਦਾ ਮੁੱਦਾ ਭਾਰਤ ਕੋਲ ਕੂਟਨੀਤਕ ਪੱਧਰ ’ਤੇ ਉਠਾਵੇਗਾ। ਪਾਕਿਸਤਾਨ ਅਨੁਸਾਰ ਦੁਨੀਆ ਭਰ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇਕ ਲਾਹੌਰ ਵਿੱਚ ਹਵਾ ਦੀ ਗੁਣਵੱਤਾ ਵੀ ਪਰਾਲੀ ਸਾੜਨ ਕਾਰਨ ਪ੍ਰਭਾਵਿਤ ਹੁੰਦੀ ਹੈ।

ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕਾਕੜ ਨਾਲ ਇਕ ਬੈਠਕ ਦੌਰਾਨ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਲਾਹੌਰ ਵਿੱਚ ਧੂੰਏਂ ਦਾ ਮੁੱਖ ਕਾਰਨ ‘ਭਾਰਤੀ ਸੂਬੇ ਪੰਜਾਬ ਵਿੱਚ ਪਰਾਲੀ ਸਾੜਨਾ’ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਮਾਮਲਾ ਭਾਰਤ ਕੋਲ ਉਠਾਉਣ ਦੀ ਬੇਨਤੀ ਕੀਤੀ। ਕਾਕੜ ਨੇ ਉਨ੍ਹਾਂ ਨੂੰ ਇਹ ਮੁੱਦਾ ਭਾਰਤ ਕੋਲ ਉਠਾਉਣ ਦਾ ਭਰੋਸਾ ਦਿੱਤਾ।

ਖਤਰਨਾਕ ਹਵਾ ਦੀ ਗੁਣਵੱਤਾ ਕਾਰਨ ਲਾਹੌਰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇਕ ਹੈ। ਗਲੋਬਲ ਏਅਰ ਕੁਆਲਿਟੀ ਮਾਨੀਟਰਿੰਗ ਪਲੇਟਫਾਰਮ ਦੇ ਅਨੁਸਾਰ ਲਾਹੌਰ ਵਿੱਚ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਸੋਮਵਾਰ ਨੂੰ 447 ਤੱਕ ਪਹੁੰਚ ਗਿਆ। ਏ. ਕਿਊ. ਆਈ. 50 ਤੋਂ ਘੱਟ ਹੋਣ ’ਤੇ ਹਵਾ ਨੂੰ ਸਾਹ ਲੈਣ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ। ਲਾਹੌਰ ਭਾਰਤੀ ਸਰਹੱਦ ਤੋਂ ਤਕਰੀਬਨ 20 ਕਿਲੋਮੀਟਰ ਦੂਰ ਹੈ। ਭਾਰਤ ਵਾਂਗ ਪਾਕਿਸਤਾਨ ਵਿੱਚ ਵੀ ਕਿਸਾਨ ਅਗਲੀ ਫਸਲ ਬੀਜਣ ਲਈ ਪਰਾਲੀ ਨੂੰ ਸਾੜਦੇ ਹਨ।


Rakesh

Content Editor

Related News