ਪਾਕਿਸਤਾਨ ਸੁਪਰੀਮ ਕੋਰਟ ਦੇ ਜੱਜ ਮਜ਼ਹਰ ਨਕਵੀ ਦਾ ਜਾਇਦਾਦ ਸਬੰਧੀ ਸੰਸਦ ’ਚ ਵੱਡਾ ਫ਼ੈਸਲਾ
Saturday, May 06, 2023 - 02:38 AM (IST)
ਪਾਕਿਸਤਾਨ/ਗੁਰਦਾਸਪੁਰ (ਵਿਨੋਦ)-ਪਾਕਿਸਤਾਨ ’ਚ ਸੁਪਰੀਮ ਕੋਰਟ ਦੇ ਮੁੱਖ ਜੱਜ ਸਮੇਤ ਹੋਰ ਜੱਜਾਂ ਅਤੇ ਪਾਕਿਸਤਾਨ ਸਰਕਾਰ ਵਿਚ ਚੱਲ ਰਿਹਾ ਵਿਵਾਦ ਅਜੇ ਖ਼ਤਮ ਵੀ ਨਹੀਂ ਹੋਇਆ ਸੀ ਕਿ ਪਾਕਿਸਤਾਨ ਸੁਪਰੀਮ ਕੋਰਟ ਦੇ ਇਕ ਜੱਜ ਮਜ਼ਹਰ ਨਕਵੀ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਸਰਕਾਰ ਨੇ ਉਸ ਦੀ ਜਾਇਦਾਦ ਦੀ ਜਾਂਚ ਕਰਨ ਲਈ ਲੋਕ ਲੇਖਾ ਕਮੇਟੀ ਨੂੰ ਆਦੇਸ਼ ਦਿੱਤਾ। ਕਮੇਟੀ ਇਸ ਜਾਂਚ ਨੂੰ 15 ਦਿਨ ਵਿਚ ਪੂਰਾ ਕਰ ਕੇ ਸਰਕਾਰ ਨੂੰ ਰਿਪੋਰਟ ਦੇਵੇਗੀ। ਇਸ ਸਬੰਧੀ ਸਾਬਕਾ ਸਪੀਕਰ ਅਯਾਜ ਸਾਦਿਕ ਨੇ ਜੱਜ ਖਿਲਾਫ਼ ਦੋਸ਼ ਲਾ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਆਰਮੀ ਚੀਫ਼ ਬਾਜਵਾ ਦੀ ਅਸ਼ਲੀਲ ਵੀਡੀਓ ਨਾਲ ਦੇਸ਼ ’ਚ ਆਇਆ ਭੂਚਾਲ
ਸੂਤਰਾਂ ਮੁਤਾਬਕ ਅਯਾਜ ਸਾਦਿਕ ਨੇ ਦੋਸ਼ ਲਾਇਆ ਸੀ ਕਿ ਜਸਟਿਸ ਨਕਵੀ ਖਿਲਾਫ਼ ਭ੍ਰਿਸ਼ਟਾਚਾਰ ਦਾ ਢੰਗ ਅਪਣਾ ਕੇ ਜਾਇਦਾਦ ਬਣਾਉਣ ਦਾ ਦੋਸ਼ ਹੈ ਅਤੇ ਉਨ੍ਹਾਂ ਦੀ ਕਾਰਜਪ੍ਰਣਾਲੀ ’ਤੇ ਵੀ ਉਂਗਲੀ ਉਠਾਈ ਜਾ ਰਹੀ ਹੈ। ਨੈਸ਼ਨਲ ਅਸੈਂਬਲੀ ਨੂੰ ਇਸ ਅਹਿਮ ਮੁੱਦੇ ’ਤੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਸਬੰਧੀ ਜਾਂਚ ਕਰਵਾ ਕੇ ਸੱਚਾਈ ਸਾਹਮਣੇ ਲਿਆਉਣਾ ਜ਼ਰੂਰੀ ਹੈ, ਜਿਸ ’ਤੇ ਸਰਕਾਰ ਨੇ ਲੋਕ ਲੇਖਾ ਕਮੇਟੀ ਨੂੰ ਜਸਟਿਸ ਨਕਵੀ ਰਾਹੀਂ ਸਾਰੀ ਜਾਇਦਾਦ ਦੀ ਰਿਪੋਰਟ ਤਿਆਰ ਕਰਕੇ 15 ਦਿਨ ਵਿਚ ਸਰਕਾਰ ਨੂੰ ਸੌਂਪਣ ਨੂੰ ਕਿਹਾ। ਇਸ ਦੇ ਨਾਲ ਹੀ ਸਰਕਾਰ ਨੇ ਸੁਪਰੀਮ ਕੋਰਟ ਦੇ ਜੱਜ ਨੂੰ ਪੱਤਰ ਲਿਖ ਕੇ ਜਸਟਿਸ ਨਕਵੀ ਨੂੰ ਅਜੇ ਅਦਾਲਤੀ ਕੰਮਕਾਜ ਤੋਂ ਦੂਰ ਰੱਖਣ ਨੂੰ ਵੀ ਕਿਹਾ।