ਸ਼੍ਰੀਲੰਕਾਈ ਨਾਗਰਿਕ ਨੂੰ ਕੁੱਟ-ਕੁੱਟ ਕੇ ਮਾਰਨ ਦਾ ਮਾਮਲਾ, ਪਾਕਿ ਅਦਾਲਤ ਨੇ 5 ਮਹੀਨਿਆਂ 'ਚ ਸੁਣਾਇਆ ਸਖ਼ਤ ਫ਼ੈਸਲਾ
Tuesday, Apr 19, 2022 - 09:39 AM (IST)
ਲਾਹੌਰ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਸੋਮਵਾਰ ਨੂੰ ਕਥਿਤ ਤੌਰ 'ਤੇ ਈਸ਼ਨਿੰਦਾ ਦੇ ਦੋਸ਼ 'ਚ ਸ਼੍ਰੀਲੰਕਾਈ ਨਾਗਰਿਕ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਵਿਚ 6 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਅਤੇ 7 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ ਬਾਕੀ 67 ਹੋਰ ਸ਼ੱਕੀਆਂ ਨੂੰ ਵੀ 2-2 ਸਾਲ ਦੀ ਸਜ਼ਾ ਸੁਣਾਈ ਹੈ। ਲਾਹੌਰ ਦੀ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ ਦੇ ਅੰਦਰ ਬੰਦ ਕਮਰੇ ਵਿਚ ਰੋਜ਼ਾਨਾ ਆਧਾਰ 'ਤੇ ਸੁਣਵਾਈ ਕਰਨ ਵਾਲੀ ਜੱਜ ਨਤਾਸ਼ਾ ਨਸੀਮ ਨੇ ਸ਼ੱਕੀਆਂ ਦੀ ਮੌਜੂਦਗੀ ਵਿੱਚ ਇਹ ਫ਼ੈਸਲਾ ਸੁਣਾਇਆ। ਜੱਜ ਨੇ ਹਾਲਾਂਕਿ 9 ਨਾਬਾਲਗ ਸ਼ੱਕੀਆਂ ਬਾਰੇ ਫ਼ੈਸਲਾ ਨਹੀਂ ਸੁਣਾਇਆ, ਜਿਨ੍ਹਾਂ ਖ਼ਿਲਾਫ਼ ਸੁਣਵਾਈ ਹੋਣੀ ਅਜੇ ਬਾਕੀ ਹੈ।
ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਇਕ ਹੋਰ 20 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ
ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਦੇ ਸਮਰਥਕਾਂ ਸਮੇਤ 800 ਤੋਂ ਵੱਧ ਲੋਕਾਂ ਦੀ ਭੀੜ ਨੇ ਸੂਬਾਈ ਰਾਜਧਾਨੀ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਸਿਆਲਕੋਟ ਵਿੱਚ ਇੱਕ ਕੱਪੜਾ ਫੈਕਟਰੀ ਉੱਤੇ ਹਮਲਾ ਕੀਤਾ ਸੀ। ਭੀੜ ਨੇ ਕਥਿਤ ਤੌਰ 'ਤੇ ਫੈਕਟਰੀ ਦੇ 47 ਸਾਲਾ ਜਨਰਲ ਮੈਨੇਜਰ ਪ੍ਰਿਅੰਤਾ ਕੁਮਾਰਾ ਦੀ ਈਸ਼ਨਿੰਦਾ ਦੇ ਦੋਸ਼ ਵਿਚ ਕੁੱਟਮਾਰ ਕਰਕੇ ਮਾਰ ਦਿੱਤਾ ਸੀ ਅਤੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਸੀ। ਇਸ ਘਟਨਾ ਨੂੰ ਲੈ ਕੇ ਪੂਰੇ ਪਾਕਿਸਤਾਨ ਵਿਚ ਸਿਆਸਤਦਾਨਾਂ, ਵਿਦਵਾਨਾਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਵੱਲੋਂ ਵਿਆਪਕ ਰੋਸ ਜਤਾਇਆ ਗਿਆ ਸੀ ਅਤੇ ਇਸ ਦੀ ਨਿੰਦਾ ਕੀਤੀ ਗਈ ਸੀ। ਨਾਲ ਹੀ ਦੋਸ਼ੀਆਂ ਨੂੰ ਜਲਦੀ ਸਜ਼ਾ ਦਿੱਤੇ ਜਾਣ ਦੀ ਮੰਗ ਵੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਦੁਨੀਆ ਨੂੰ 'ਰੂਸੀ ਤਸੀਹਿਆਂ' ਦਾ ਜਵਾਬ ਦੇਣ ਦੀ ਕੀਤੀ ਅਪੀਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।