ਪਾਕਿ : ਸਿੱਖ ਨੌਜਵਾਨ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ (ਵੀਡੀਓ)

01/10/2020 2:17:14 PM

ਪੇਸ਼ਾਵਰ (ਬਿਊਰੋ): ਪਾਕਿਸਤਾਨ ਦੀ ਪੇਸ਼ਾਵਰ ਪੁਲਸ ਨੇ ਸਿੱਖ ਨੌਜਵਾਨ ਦੇ ਹੱਤਿਆ ਮਾਮਲੇ ਵਿਚ ਵੱਡਾ ਖੁਲਾਸਾ ਕੀਤਾ ਹੈ। ਸਿੱਖ ਭਾਈਚਾਰੇ ਦੇ ਇਸ ਨੌਜਵਾਨ ਦੀ ਪਛਾਣ ਖੈਬਰ ਪਖਤੂਨਖਵਾ ਦੇ ਦੂਰ-ਦੁਰਾਡੇ ਸ਼ਾਂਗਲਾ ਜ਼ਿਲੇ ਦੇ 25 ਸਾਲਾ ਰਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਬੀਤੇ ਐਤਵਾਰ ਨੂੰ ਉਹ ਪੇਸ਼ਾਵਰ ਵਿਚ ਮ੍ਰਿਤਕ ਹਾਲਤ ਵਿਚ ਮਿਲਿਆ ਸੀ। ਉਸ ਸਮੇਂ ਮੀਡੀਆ ਨੇ ਗਲਤੀ ਨਾਲ ਉਸ ਦੀ ਸ਼ਿਨਾਖਤ ਪਰਵਿੰਦਰ ਦੇ ਰੂਪ ਵਿਚ ਕੀਤੀ ਸੀ। ਇਹ ਦੱਸਿਆ ਗਿਆ ਸੀ ਕਿ ਉਹ ਵਿਆਹ ਦੀ ਖਰੀਦਦਾਰੀ ਦੇ ਸਿਲਸਿਲੇ ਵਿਚ ਪੇਸ਼ਾਵਰ ਆਇਆ ਸੀ। ਰਵਿੰਦਰ ਸਿੰਘ ਮਲੇਸ਼ੀਆ ਵਿਚ ਰਹਿੰਦਾ ਸੀ ਅਤੇ ਆਪਣੇ ਵਿਆਹ ਲਈ ਘਰ ਆਇਆ ਹੋਇਆ ਸੀ। ਉਸ ਦਾ ਭਰਾ ਹਰਮੀਤ ਸਿੰਘ ਪੱਤਰਕਾਰ ਹੈ।

ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਰਵਿੰਦਰ ਦੀ ਮੰਗੇਤਰ ਪ੍ਰੇਮ ਕੁਮਾਰੀ ਨੇ ਕਿਰਾਏ ਦੇ ਕਾਤਲਾਂ ਨੂੰ ਪੈਸ ਦੇ ਕੇ ਉਸ ਦੀ ਹੱਤਿਆ ਕਰਵਾਈ ਸੀ। ਅਸਲ ਵਿਚ ਉਹ ਰਵਿੰਦਰ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਅਧਿਕਾਰੀ ਨੇ ਕਿਹਾ ਕਿ ਪ੍ਰੇਮ ਕੁਮਾਰੀ ਨੇ ਰਵਿੰਦਰ ਦੀ ਹੱਤਿਆ ਲਈ 7 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਇਹਨਾਂ ਵਿਚੋਂ ਕੁਝ ਪੈਸੇ ਹੱਤਿਆ ਤੋਂ ਪਹਿਲਾਂ ਦਿੱਤੇ ਗਏ ਅਤੇ ਬਾਕੀ ਰਾਸ਼ੀ ਦਾ ਭੁਗਤਾਨ ਹੱਤਿਆ ਦੇ ਬਾਅਦ ਕੀਤਾ ਜਾਣਾ ਸੀ।

ਜਾਂਚ ਟੀਮ ਦੇ ਮੁਤਾਬਕ ਰਵਿੰਦਰ ਦੀ ਹੱਤਿਆ ਮਰਦਾਨ ਵਿਚ ਕੀਤੀ ਗਈ ਸੀ ਅਤੇ ਬਾਅਦ ਵਿਚ ਉਸ ਦੀ ਲਾਸ਼ ਪੇਸ਼ਾਵਰ ਵਿਚ ਸੁੱਟ ਦਿੱਤੀ ਗਈ। ਇਕ ਜਾਂਚਕਰਤਾ ਨੇ ਦੱਸਿਆ ਕਿ ਪ੍ਰੇਮ ਕੁਮਾਰੀ ਨੂੰ ਮਰਦਾਨ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੇਸ਼ਾਵਰ ਵਿਚ ਕਿਰਾਏ ਦੇ ਕਾਤਲਾਂ ਨੇ ਉਜਾੜ ਇਲਾਕੇ ਵਿਚ ਲਾਸ਼ ਨੂੰ ਸੁੱਟ ਦਿੱਤਾ ਸੀ ਅਤੇ ਫਿਰ ਫਿਰੌਤੀ ਮੰਗਣ ਲਈ ਰਵਿੰਦਰ ਦੇ ਫੋਨ ਤੋਂ ਪਰਿਵਾਰ ਨੂੰ ਫੋਨ ਕਰ ਕੇ ਕਿਹਾ ਸੀ ਕਿ ਜੇਕਰ ਉਹ ਪੈਸੇ ਨਹੀਂ ਦਿੰਦੇ ਹਨ ਤਾਂ ਰਵਿੰਦਰ ਦੀ ਹੱਤਿਆ ਕਰ ਦਿੱਤੀ ਜਾਵੇਗੀ। ਇਹ ਸਭ ਹੱਤਿਆ ਦੀ ਜਾਂਚ ਦਾ ਰੁੱਖ਼ ਮੋੜਨ ਲਈ ਕੀਤਾ ਗਿਆ ਸੀ।

ਰਵਿੰਦਰ ਦੀ ਲਾਸ਼ ਹੱਤਿਆ ਦੇ ਇਕ ਦਿਨ ਬਾਅਦ ਐਤਵਾਰ ਨੂੰ ਚਾਮਕਾਨੀ ਪੁਲਸ ਥਾਣੇ ਨੇੜੇ ਪੈਣ ਵਾਲੇ ਉਜਾੜ ਇਲਾਕੇ ਵਿਚ ਮਿਲੀ ਸੀ। ਪੇਸ਼ਾਵਰ ਪੁਲਸ ਨੇ ਚਾਰ ਦਿਨਾਂ ਦੀ ਸ਼ਖਤ ਜਾਂਚ ਦੇ ਬਾਅਦ ਇਸ ਬਲਾਈਂਡ ਮਰਡਰ ਦੇ ਮਾਮਲੇ ਦਾ ਪਰਦਾਫਾਸ਼ ਕੀਤਾ, ਜਿਸ ਵਿਚ ਹੋਰ ਜਾਂਚ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਵੀ ਅਹਿਮ ਸੁਰਾਗ ਦਿੱਤੇ।


Vandana

Content Editor

Related News