ਪਾਕਿ ਨੂੰ ਵਿੱਤੀ ਸਾਲ 2020 'ਚ ਲੱਗਾ ਮਹਿੰਗਾਈ ਦਾ ਸਭ ਤੋਂ ਵੱਡਾ ਝਟਕਾ
Sunday, Jun 07, 2020 - 07:00 PM (IST)
ਇਸਲਾਮਾਬਾਦ— ਪਾਕਿਸਤਾਨ ਦੇ ਲੋਕਾਂ ਲਈ ਵਿੱਤੀ ਸਾਲ 2020 ਸਭ ਤੋਂ ਖਰਾਬ ਰਿਹਾ ਕਿਉਂਕਿ ਇਸ ਦੌਰਾਨ ਪਾਕਿਸਤਾਨ ਨੇ ਵਿਸ਼ਵ ਭਰ 'ਚ ਸਭ ਤੋਂ ਜ਼ਿਆਦਾ ਮਹਿੰਗਾਈ ਦਰਜ ਕੀਤੀ ਹੈ। ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਸਗੋਂ ਪਾਕਿਸਤਾਨੀ ਸਟੇਟ ਬੈਂਕ (ਐੱਸ. ਬੀ. ਪੀ.) ਨੇ ਕੀਤਾ ਹੈ। ਪਾਕਿਸਤਾਨੀ ਸਟੇਟ ਬੈਂਕ ਮੁਤਾਬਕ, ਜਨਵਰੀ 'ਚ ਮਹਿੰਗਾਈ ਦਰ 12 ਸਾਲਾਂ ਦੇ ਉੱਚੇ ਪੱਧਰ ਦੇ ਨਾਲ 14.6 ਫੀਸਦੀ 'ਤੇ ਪਹੁੰਚ ਗਈ ਸੀ, ਜਿਸ ਦੀ ਵਜ੍ਹਾ ਨਾਲ ਨੀਤੀ ਨਿਰਮਾਤਾਵਾਂ ਨੂੰ ਵਿਆਜ ਦਰਾਂ ਵਧਾਉਣ ਲਈ ਮਜ਼ਬੂਰ ਹੋਣਾ ਪਿਆ। ਦੱਸ ਦੇਈਏ ਕਿ ਪਾਕਿ ਦਾ ਵਿੱਤੀ ਸਾਲ 1 ਜੁਲਾਈ 2019 ਤੋਂ ਸ਼ੁਰੂ ਹੋਇਆ ਸੀ, ਜੋ 30 ਜੂਨ 2020 ਨੂੰ ਖ਼ਤਮ ਹੋਣ ਵਾਲਾ ਹੈ।
'ਦਿ ਡਾਨ' ਨਿਊਜ਼ ਮੁਤਾਬਕ, ਬੈਂਕ ਵੱਲੋਂ ਜਾਰੀ ਮਹਿੰਗਾਈ ਦਰ ਰਿਪੋਰਟ ਅਨੁਸਾਰ ਪਾਕਿਸਤਾਨ ਨੇ ਨਾ ਸਿਰਫ ਵਿਕਸਤ ਸਗੋਂ ਭਾਰਤ, ਚੀਨ, ਬੰਗਲਾਦੇਸ਼ ਤੇ ਥਾਈਲੈਂਡ ਵਰਗੇ ਉਭਰਦੇ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਵੀ ਸਭ ਤੋਂ ਜ਼ਿਆਦਾ ਮਹਿੰਗਾਈ ਦਰਜ ਕੀਤੀ ਹੈ।
ਪਾਕਿਸਤਾਨੀ ਸਟੇਟ ਬੈਂਕ ਨੇ ਵਿੱਤੀ ਸਾਲ ਦੌਰਾਨ ਮਹਿੰਗਾਈ ਨੂੰ ਕਾਬੂ 'ਚ ਰੱਖਣ ਲਈ ਵਿਆਜ ਦਰਾਂ 'ਚ ਵਾਧਾ ਕੀਤਾ, ਜਿਸ ਦਾ ਉਲਟਾ ਅਸਰ ਹੋਇਆ, ਮਹਿੰਗਾਈ ਹੋਰ ਵੱਧ ਗਈ। ਨਿੱਜੀ ਖੇਤਰ ਨੇ ਮਹਿੰਗਾ ਕਰਜ਼ਾ ਚੁੱਕਣਾ ਬੰਦ ਕਰ ਦਿੱਤਾ, ਜਿਸ ਨਾਲ ਉਦਯੋਗਿਕ ਵਿਕਾਸ ਤੇ ਸੇਵਾਵਾਂ 'ਚ ਰੁਕਾਵਟ ਆਈ। ਪਾਕਿ ਨੇ ਜਨਵਰੀ 'ਚ 14.6 ਫੀਸਦੀ ਮਹਿੰਗਾਈ ਦਰ ਦਰਜ ਕੀਤੀ, ਜੋ 12 ਸਾਲਾਂ ਦਾ ਉੱਚਾ ਪੱਧਰ ਰਿਹਾ। ਇਸ ਨੂੰ ਦੇਖਦੇ ਹੋਏ ਐੱਸ. ਬੀ. ਪੀ. ਨੇ ਵਿਆਜ ਦਰਾਂ ਨੂੰ ਵਧਾ ਕੇ 13.25 ਫੀਸਦੀ ਕਰ ਦਿੱਤਾ।
ਕੋਰੋਨਾ ਸੰਕਟ ਕਾਰਨ ਡਿੱਗੀ ਮਹਿੰਗਾਈ-
ਕੋਰੋਨਾ ਸੰਕਟ ਕਾਰਨ ਮੰਗ 'ਚ ਕਮੀ ਦੀ ਵਜ੍ਹਾ ਨਾਲ ਜਦੋਂ ਮਹਿੰਗਾਈ ਦਰ ਡਿੱਗੀ ਤਾਂ ਜਾ ਕੇ ਐੱਸ. ਬੀ. ਪੀ. ਨੂੰ ਵਿਆਜ ਦਰਾਂ ਘਟਾਉਣ ਦਾ ਮੌਕਾ ਮਿਲਿਆ ਤੇ ਤਿੰਨ ਮਹੀਨਿਆਂ ਅੰਦਰ ਕਰਜ਼ ਦਰਾਂ ਨੂੰ ਘਟਾ ਕੇ 5.25 ਫੀਸਦੀ ਕੀਤਾ। ਮਹਿੰਗਾਈ ਦਰ ਮਈ 'ਚ 8.2 ਫੀਸਦੀ ਰਹੀ। ਰਿਪੋਰਟ ਦਾ ਕਹਿਣਾ ਹੈ ਕਿ ਇਸ ਨਾਲ ਜੁਲਾਈ-ਮਈ ਦੀ ਮਹਿੰਗਾਈ ਦਰ 10.94 ਫੀਸਦੀ 'ਤੇ ਖਿਸਕ ਗਈ ਹੈ, ਜੋ ਪਹਿਲਾਂ 11 ਫੀਸਦੀ ਰਹਿਣ ਦਾ ਅੰਦਾਜ਼ਾ ਸੀ। ਜੂਨ 'ਚ ਇਹ ਹੋਰ ਘਟਣ ਦਾ ਅੰਦਾਜ਼ਾ ਹੈ ਕਿਉਂਕਿ ਇਮਰਾਨ ਸਰਕਾਰ ਨੇ ਪਿਛਲੇ ਦੋ ਮਹੀਨਿਆਂ 'ਚ ਪੈਟਰੋਲੀਅਮ ਦੀਆਂ ਕੀਮਤਾਂ 'ਚ ਤਿੰਨ ਵਾਰ ਕਮੀ ਕੀਤੀ ਹੈ। ਉੱਥੇ ਹੀ, ਵਪਾਰ ਤੇ ਉਦਯੋਗਿਕ ਖੇਤਰ ਨੇ ਵਿਆਜ ਦਰਾਂ 'ਚ ਕਟੌਤੀ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਹੋਰ 3-4 ਲੱਖ ਕਰੋਡ਼ ਰੁਪਏ ਦੀ ਜ਼ਰੂਰਤ ਹੈ।