ਪਾਕਿ ’ਚ ਕੱਟੜਪੰਥੀ ਆਗੂੂ ਦੀ ਗ੍ਰਿਫ਼ਤਾਰੀ ਮਗਰੋਂ ਭੜਕੀ ਹਿੰਸਾ , ਲਾਹੌਰ ਸਣੇ ਕਈ ਸ਼ਹਿਰਾਂ ’ਚ ਸੜਕਾਂ ਜਾਮ

04/13/2021 5:28:24 PM

ਲਾਹੌਰ: ਪਾਕਿਸਤਾਨ ਵਿਚ ਇਕ ਕਟੜਪੰਥੀ ਇਸਲਾਮੀ ਰਾਜਨੀਤਕ ਦਲ ਦੇ ਨੇਤਾ ਸਾਦ ਰਿਜਵੀ ਦੀ ਗ੍ਰਿਫ਼ਤਾਰੀ ਦੇ ਬਾਅਦ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਗ੍ਰਿਫ਼ਤਾਰੀ ਤੋਂ ਇਕ ਦਿਨ ਪਹਿਲਾਂ ਤਹਿਰੀਕ-ਏ-ਲਬੇਕ ਪਾਕਿਸਤਾਨ (ਟੀ.ਐਲ.ਪੀ.) ਦੇ ਨੇਤਾ ਰਿਜਵੀ ਨੇ ਸਰਕਾਰ ਨੂੰ ਧਮਕੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਜੇਕਰ ਪੈਗੰਬਰ ਮੁਹੰਮਦ ਦੇ ਕਾਰਟੂਨ ਬਣਾਉਣ ਦੇ ਮੁੱਦੇ ’ਤੇ ਫ਼ਰਾਂਸ ਦੇ ਰਾਜਦੂਤ ਨੂੰ ਦੇਸ਼ ਵਿਚੋਂ ਨਹੀਂ ਕੱਢਿਆ ਗਿਆ ਤਾਂ ਇਸ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ ਜਾਣਗੇ। ਟੀ.ਐਲ.ਪੀ. ਦਾ ਇਸ਼ਨਿੰਦਾ ਦੇ ਮਾਮਲੇ ਵਿਚ ਪ੍ਰਦਰਸ਼ਨ ਕਰਨ ਦਾ ਇਤਿਹਾਸ ਰਿਹਾ ਹੈ।

ਇਹ ਵੀ ਪੜ੍ਹੋ : ਹੁਣ ਊਠਾਂ ਨੂੰ ਵੀ ਕਰਨੀ ਪਵੇਗੀ ਟਰੈਫਿਕ ਨਿਯਮਾਂ ਦੀ ਪਾਲਣਾ

ਰਿਜਵੀ ਦੀ ਗ੍ਰਿਫ਼ਤਾਰੀ ਦੇ ਬਾਅਦ ਸੋਮਵਾਰ ਸ਼ਾਮ ਨੂੰ ਕਰਾਚੀ, ਲਾਹੌਰ, ਰਾਜਧਾਨੀ ਇਸਲਾਮਾਬਾਦ ਦੇ ਬਾਹਰੀ ਇਲਾਕਿਆਂ ਅਤੇ ਪਾਕਿਸਤਾਨ ਦੇ ਹੋਰ ਸ਼ਹਿਰਾਂ ਵਿਚ ਪ੍ਰਦਰਸ਼ਨ ਹੋਏ। ਇਸ ਦੇ ਬਾਅਦ ਪੁਲਸ ਨੂੰ ਕਈ ਮੁੱਖ ਹਾਈਵੇਅ ਨੂੰ ਬੰਦ ਕਰਨਾ ਪਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਲਾਹੌਰ ਸਮੇਤ ਕਈ ਸ਼ਹਿਰਾਂ ਵਿਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਦੇਖਣ ਨੂੰ ਮਿਲੀ। ਪ੍ਰਦਰਸ਼ਨਕਾਰੀਆਂ ਵੱਲੋਂ ਕਈ ਥਾਂਵਾਂ ’ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੇ ਇਕ ਸ਼ਹਿਰ ਵਿਚ ਇਕ ਜੀਪ ’ਤੇ ਸਵਾਰ ਕੁੱਝ ਫ਼ੌਜੀ ਅਤੇ ਪੁਲਸ ਦੇ ਜਵਾਨਾਂ ਨੂੰ ਵੀ ਪ੍ਰਦਰਸ਼ਨ ਵਿਚ ਸ਼ਾਮਲ ਦੇਖਿਆ ਗਿਆ। ਹੱਥਾਂ ਵਿਚ ਹਥਿਆਰ ਫੜ ਕੇ ਇਹ ਮੁਲਾਜ਼ਮ ਰਿਜਵੀ ਦੇ ਹੱਕ ਵਿਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ, ਜਿਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਸਾਵਧਾਨ! WHO ਦੀ ਚਿਤਾਵਨੀ, ਕੋਰੋਨਾ ਮਹਾਮਾਰੀ ਦਾ ਅੰਤ ਅਜੇ ਵੀ ਕਾਫ਼ੀ ਦੂਰ

ਟੀ.ਐਲ.ਪੀ. ਨੇ ਦੱਸਿਆ ਕਿ ਰਿਜਵੀ ਨੂੰ ਸੋਮਵਾਰ ਨੂੰ ਲਾਹੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਉਸ ਨੂੰ ਕਿਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕਾਰਨ ਲੋਕ ਜ਼ਿਆਦਾ ਭੜਕ ਗਏ ਹਨ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਾਅ ਲਈ ਘੋੜਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਖਾ ਰਹੇ ਹਨ ਇਸ ਦੇਸ਼ ਦੇ ਲੋਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News