ਪਾਕਿਸਤਾਨ 'ਚ ਤੇਜ਼ ਮੀਂਹ ਕਾਰਨ ਸਥਿਤੀ ਖਰਾਬ, ਪੱਤਰਕਾਰ ਨੇ ਕਵਰੇਜ ਲਈ ਅਪਣਾਇਆ ਇਹ ਤਰੀਕਾ

07/05/2018 12:02:17 PM

ਲਾਹੌਰ, (ਏਜੰਸੀ) — ਪਾਕਿਸਤਾਨ ਦੇ ਲਾਹੌਰ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ। ਦੇਸ਼ ਦੇ ਵੱਡੇ ਸ਼ਹਿਰਾਂ 'ਚ ਮੀਂਹ ਨਾਲ ਵਿਗੜਦੇ ਹਾਲਾਤ ਦੀ ਰਿਪੋਰਟਿੰਗ ਵੀ ਜਾਰੀ ਹੈ। ਵਧੀਆ ਕਵਰੇਜ ਅਤੇ ਸ਼ਾਨਦਾਰ ਰਿਪੋਰਟਿੰਗ ਕਰਨ ਲਈ ਪੱਤਰਕਾਰ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। ਇਨ੍ਹਾਂ 'ਚੋਂ ਇਕ ਪੱਤਰਕਾਰ ਨੇ ਸਰਕਾਰ ਦੀ ਅਣਦੇਖੀ ਦੀ ਰਿਪੋਰਟ ਬਹੁਤ ਮਜ਼ੇਦਾਰ ਢੰਗ ਨਾਲ ਪੇਸ਼ ਕੀਤੀ। ਇਸ ਪੱਤਰਕਾਰ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। 
ਅਸਲ 'ਚ ਲਾਹੌਰ 'ਚ ਪਏ ਤੇਜ਼ ਮੀਂਹ ਕਾਰਨ ਥਾਂ-ਥਾਂ 'ਤੇ ਪਾਣੀ ਭਰ ਗਿਆ ਹੈ। ਸੜਕਾਂ ਸਵੀਮਿੰਗ ਪੂਲ ਬਣ ਗਈਆਂ ਹਨ। ਇਕ ਪੱਤਰਕਾਰ ਨੇ ਬੱਚਿਆਂ ਦੇ ਬਾਥਟੱਬ 'ਚ ਬੈਠ ਕੇ ਰਿਪੋਰਟਿੰਗ ਕੀਤੀ। ਉਸ ਨੇ ਦੱਸਿਆ ਕਿ ਉਹ ਕਿਸੇ ਪੂਲ 'ਚ ਨਹੀਂ ਸਗੋਂ ਪਾਣੀ ਨਾਲ ਭਰੀ ਸੜਕ 'ਤੇ ਹੈ, ਉਸ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਸਰਕਾਰ ਕੋਲੋਂ ਅਜੇ ਇੱਥੋਂ ਪਾਣੀ ਤਾਂ ਕੱਢਿਆ ਨਹੀਂ ਜਾਣਾ, ਇਸ ਲਈ ਉਹ ਵੀ ਉਸ ਵਾਂਗ ਪਾਣੀ ਦਾ ਮਜ਼ਾ ਲੈਣ। ਉਸ ਨੇ ਦੱਸਿਆ ਕਿ ਪ੍ਰਸ਼ਾਸਨ ਸੜਕਾਂ ਤੋਂ ਪਾਣੀ ਹਟਾਉਣ 'ਚ ਅਸਫਲ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ 'ਚ ਤੇਜ਼ ਮੀਂਹ ਕਾਰਨ ਕਈ ਥਾਵਾਂ 'ਤੇ ਲੋਕ ਫਸ ਗਏ ਸਨ ਅਤੇ ਉਨ੍ਹਾਂ ਨੂੰ ਕਿਸ਼ਤੀ ਰਾਹੀਂ ਬਾਹਰ ਕੱਢਿਆ ਗਿਆ। ਇੱਥੇ ਮੀਂਹ ਕਾਰਨ 38 ਸਾਲਾਂ ਦਾ ਰਿਕਾਰਡ ਟੁੱਟਾ ਹੈ। ਇਸ ਤੋਂ ਪਹਿਲਾਂ 1980 ਵਿਚ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਸੀ।


Related News