ਪਾਕਿ ਨੂੰ ਸਾਊਦੀ ਨਾਲ ਟਕਰਾਅ ਪਿਆ ਭਾਰੀ, ਗੱਲਬਾਤ ਲਈ ਫੌਜ ਮੁਖੀ ਬਾਜਵਾ ਜਾਣਗੇ ਰਿਆਦ
Thursday, Aug 13, 2020 - 12:46 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੂੰ ਆਪਣੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਬਿਆਨਬਾਜ਼ੀ ਦਾ ਖਮਿਆਜ਼ਾ ਚੁਕਾਉਣਾ ਪੈ ਰਿਹਾ ਹੈ। ਕੁਰੈਸ਼ੀ ਵੱਲੋਂ ਕਸ਼ਮੀਰ 'ਤੇ ਸਾਊਦੀ ਅਰਬ ਲਈ ਦਿੱਤਾ ਬਿਆਨ ਪਾਕਿਸਤਾਨ ਨੂੰ ਭਾਰੀ ਪੈਂਦਾ ਜਾ ਰਿਹਾ ਹੈ। ਪਾਕਿਸਤਾਨੀ ਅਖਬਾਰ 'ਦੀ ਨਿਊਜ਼' ਦੇ ਮੁਤਾਬਕ ਇਮਰਾਨ ਖਾਨ ਸਰਕਾਰ ਤੋਂ ਹੁਣ ਸਥਿਤੀ ਸਾਂਭੀ ਨਹੀਂ ਜਾ ਰਹੀ ਅਤੇ ਹਾਲਾਤ ਨੂੰ ਕੰਟਰੋਲ ਕਰਨ ਲਈ ਹੁਣ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਅਗਲੇ ਹਫਤੇ ਰਿਆਦ ਭੇਜਿਆ ਜਾਵੇਗਾ। ਇਸ ਦੌਰੇ ਨਾਲ ਇਮਲਾਮਾਬਾਦ ਵਿਚ ਆਸ ਬਣੀ ਹੈ ਕਿ ਮਤਭੇਦਾਂ ਨੂੰ ਜਲਦੀ ਦੂਰ ਕਰ ਲਿਆ ਜਾਵੇਗਾ। ਭਾਵੇਂਕਿ ਸਾਊਦੀ ਅਰਬ ਦੇ ਰਵੱਈਏ ਨੂੰ ਦੇਖ ਕੇ ਅਜਿਹਾ ਆਸਾਨੀ ਨਾਲ ਹੋਣਾ ਮੁਸ਼ਕਲ ਜਾਪਦਾ ਹੈ।
ਸਾਊਦੀ ਨੇ ਇਮਰਾਨ ਖਾਨ ਦੀ ਅਪੀਲ 'ਤੇ ਦਿੱਤੇ ਗਏ ਕਰਜ਼ ਨੂੰ ਵਾਪਸ ਮੰਗ ਲਿਆ ਹੈ। ਸਾਊਦੀ ਦੇ ਪੈਕੇਜ ਵਿਚ 3 ਅਰਬ ਡਾਲਰ ਦਾ ਕਰਜ਼ ਅਤੇ 3.2 ਅਰਬ ਡਾਲਰ ਦਾ ਤੇਲ ਉਧਾਰ ਦੇਣ ਦਾ ਵਾਅਦਾ ਕੀਤਾ ਸੀ। ਮਈ ਵਿਚ ਇਸ ਨੂੰ ਖਤਮ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਸਾਊਦੀ ਨੇ ਪਾਕਿਸਤਾਨ ਨੂੰ ਸਾਰਾ ਕਰਜ਼ ਚੁਕਾਉਣ ਲਈ ਕਿਹਾ। ਪਾਕਿਸਤਾਨ ਨੇ ਚੀਨ ਤੋਂ 1 ਅਰਬ ਡਾਲਰ ਦਾ ਕਰਜ਼ ਲੈ ਕੇ ਸਾਊਦੀ ਨੂੰ ਦਿੱਤਾ ਹੈ। ਭਾਵੇਂਕਿ ਇਸ ਨੂੰ ਲੈਕੇ ਹਾਲੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਇਸ ਵਿਚ ਜਨਰਲ ਕਮਰ ਜਾਵੇਦ ਬਾਜਵਾ ਨੇ ਸਾਊਦੀ ਰਾਜਦੂਤ ਐਡਮਿਰਲ ਨਵਾਫ ਬਿਨ ਸੈਦ ਅਲ-ਮਲਿਕੀ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ। ਫੌਜ ਨੇ ਮੁਲਾਕਾਤ ਦੇ ਬਾਅਦ ਦੱਸਿਆ ਕਿ ਦੋ-ਪੱਖੀ ਮੁੱਦਿਆਂ, ਖੇਤਰੀ ਸੁਰੱਖਿਆ ਸਥਿਤੀ ਅਤੇ ਦੋ-ਪੱਖੀ ਰੱਖਿਆ ਮਾਮਲਿਆਂ 'ਤੇ ਚਰਚਾ ਕੀਤੀ ਗਈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਰੋਨਾ ਮਾਮਲੇ 22,197, ਮ੍ਰਿਤਕਾਂ ਦੀ ਗਿਣਤੀ 350 ਦੇ ਪਾਰ
ਇੱਥੇ ਦੱਸ ਦਈਏ ਕਿ ਪਿਛਲੇ ਹਫਤੇ ਇਕ ਟੀਵੀ ਇੰਟਰਵਿਊ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਸ਼ਮੀਰ ਮੁੱਦੇ 'ਤੇ ਸਾਊਦੀ ਦੀ ਅਗਵਾਈ ਵਾਲੇ ਇਸਲਾਮਿਕ ਸਹਿਯੋਗ ਸੰਗਠਨ ਦੀ ਬੈਠਕ ਬੁਲਾਉਣ ਦੀ ਮੰਗ ਕਰਦਿਆਂ ਕਿਹਾ,''ਜੇਕਰ ਤੁਸੀਂ ਇਹ ਬੈਠਕ ਨਹੀਂ ਬੁਲਾ ਸਕਦੇ ਤਾਂ ਮੈਨੂੰ ਪ੍ਰਧਾਨ ਮੰਤਰੀ ਇਮਰਾਨ ਕਾਨ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਵੇਗਾ ਕਿ ਉਹ ਉਹਨਾਂ ਇਸਲਾਮਿਕ ਦੇਸ਼ਾਂ ਦੀ ਬੈਠਕ ਬੁਲਾਉਣ ਜੋ ਕਸ਼ਮੀਰ ਮੁੱਦੇ 'ਤੇ ਸਾਡੇ ਨਾਲ ਖੜ੍ਹੇ ਹੋਣ ਲਈ ਤਿਆਰ ਹਨ।'' ਬਾਅਦ ਵਿਚ ਵਿਦੇਸ਼ ਮੰਤਰਾਲੇ ਨੇ ਮੰਤਰੀ ਦੇ ਅਲਟੀਮੇਟਮ ਦਾ ਪਾਲਣ ਕੀਤਾ।
ਵਿਦੇਸ਼ੀ ਦਫਤਰ ਨੇ ਉਹਨਾਂ ਸੁਝਾਆਂ ਨੂੰ ਖਾਰਿਜ ਕਰ ਦਿੱਤਾ ਕਿ ਮੰਤਰੀ ਦਾ ਬਿਆਨ ਰਾਜਨੀਤਕ ਮਾਪਦੰਡਾਂ ਦੇ ਖਿਲਾਫ਼ ਸੀ। ਬਾਅਦ ਵਿਚ ਵਿਦੇਸ਼ ਮੰਤਰਲੇ ਨੇ ਮੰਤਰੀ ਦੀ ਚੇਵਾਵਨੀ ਨੂੰ ਦੁਹਰਾਇਆ ਜਿਸ ਨਾਲ ਸੰਕੇਤ ਮਿਲਿਆ ਕਿ ਇਹ ਜਲਦਬਾਜ਼ੀ ਵਿਚ ਦਿੱਤਾ ਗਿਆ ਬਿਆਨ ਨਹੀਂ ਸੀ। ਵਿਦੇਸ਼ ਮੰਤਰਾਲੇ ਨੇ ਇਸ ਗੱਲ ਨੂੰ ਖਾਰਿਜ਼ ਕੀਤਾ ਕਿ ਮੰਤਰੀ ਦਾ ਬਿਆਨ ਕੂਟਨੀਤੀ ਦੇ ਵਿਰੁੱਧ ਹੈ। ਵਿਦੇਸ਼ ਮੰਤਰੀ ਕੁਰੈਸ਼ੀ ਨੇ ਆਪਣੇ ਬਿਆਨ 'ਤੇ ਸਫਾਈ ਦੇਣ ਦੇ ਲਈ ਦੋ ਵਾਰ ਪ੍ਰੈੱਸ ਕਾਨਫਰੰਸ ਬੁਲਾਈ ਪਰ ਦੋਵੇਂ ਵਾਰੀ ਇਸ ਨੂੰ ਰੱਦ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਮਰਾਨ ਸਰਕਾਰ ਇਹ ਮਹਿਸੂਸ ਕਰ ਰਹੀ ਹੈ ਕਿ ਸਿਰਫ ਪ੍ਰੈੱਸ ਕਾਨਫਰੰਸ ਵਿਚ ਸਫਾਈ ਦੇਣ ਨਾਲ ਟ੍ਰੈਕ ਤੋਂ ਉਤਰੇ ਰਿਸ਼ਤੇ ਠੀਕ ਨਹੀਂ ਹੋ ਪਾਉਣਗੇ। ਇਸ ਲਈ ਬਾਜਵਾ ਨੂੰ ਭੇਜਣ ਦਾ ਫੈਸਲਾ ਕੀਤਾ ਗਿਆ ਹੈ।