ਪਾਕਿ 'ਚ ਕੋਰੋਨਾ ਦੇ ਨਾਲ ਪੋਲੀਓ ਦੇ ਨਵੇਂ ਮਾਮਲੇ ਆਏ ਸਾਹਮਣੇ
Monday, Mar 30, 2020 - 02:30 PM (IST)

ਇਸਲਾਮਾਬਾਦ (ਬਿਊਰੋ): ਇਕ ਪਾਸੇ ਜਿੱਥੇ ਪਾਕਿਸਤਾਨ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ ਉੱਥੇ ਦੂਜੇ ਪਾਸੇ ਦੇਸ਼ ਵਿਚ ਹੁਣ ਪੋਲੀਓ ਵਾਇਰਸ ਦੇ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਦੇ ਲਈ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਵਿਚ ਹੋਏ ਅਚਾਨਕ ਵਾਧੇ ਨਾਲ ਨਜਿੱਠਣਾ ਪਹਿਲਾਂ ਤੋਂ ਹੀ ਮੁਸ਼ਕਲ ਹੋ ਰਿਹਾ ਸੀ ਅਤੇ ਹੁਣ ਪੋਲੀਓ ਸੰਬੰਧੀ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਹਾਲਾਤ ਹੋਰ ਬਦਤਰ ਬਣਦੇ ਦਿਸ ਰਹੇ ਹਨ। ਦੇਸ਼ ਵਿਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵੱਧ ਕੇ 1625 ਹੋ ਗਈ ਹੈ ਜਦਕਿ 17 ਦੀ ਮੌਤ ਹੋ ਚੁੱਕੀ ਹੈ।
ਡਾਨ ਨਿਊਜ਼ ਦੇ ਮੁਤਾਬਕ ਪਾਕਿਸਤਾਨ ਦੇ ਉੱਤਰ-ਪੱਛਮੀ ਹਿੱਸੇ ਵਿਚ ਖੈਬਰ ਪਖਤੂਨਖਵਾ ਸੂਬੇ ਵਿਚ ਪੋਲੀਓ ਨਾਲ ਪੀੜਤ 3 ਮੁੰਡਿਆਂ ਨੂੰ ਲਕਵਾ ਮਾਰ ਗਿਆ ਹੈ। ਇਹਨਾਂ ਮਾਮਲਿਆਂ ਦੇ ਬਾਅਦ ਇਸ ਸਾਲ ਪਾਕਿਸਤਾਨ ਵਿਚ ਪੋਲੀਓ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 36 ਹੋ ਗਈ ਹੈ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਲਈ ਕੰਮ ਕਰਨ ਵਾਲੇ ਇਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਪੋਲੀਓ ਵਾਇਰਸ ਨਾਲ ਇਨਫੈਕਟਿਡ 3 ਲੋਕਾਂ ਵਿਚੋਂ ਲੱਕੀ ਮਾਰਵਾਰ ਜ਼ਿਲੇ ਦਾ ਰਹਿਣ ਵਾਲਾ ਇਕ 9 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ ਜਿਸ ਦੇ ਸਰੀਰ ਦੇ ਸੱਜੇ ਹਿੱਸੇ ਨੂੰ ਲਕਵਾ ਮਾਰ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੇ ਕਹਿਰ 'ਚ ਪਾਕਿ 'ਚ ਹਿੰਦੂਆਂ ਨੂੰ ਰਾਸ਼ਨ ਦੇਣ ਤੋਂ ਕੀਤਾ ਗਿਆ ਇਨਕਾਰ
ਪੋਲੀਓ ਇਕ ਛੂਤ ਦਾ ਰੋਗ ਹੈ ਜੋਕਿ ਪੋਲੀਓ ਵਾਇਰਸ ਦੇ ਕਾਰਨ ਹੁੰਦਾ ਹੈ। ਇਹ ਮੁੱਖ ਰੂਪ ਨਾਲ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ। ਪੋਲੀਓ ਵਾਇਰਸ ਨਰਵਸ ਸਿਸਟਮ 'ਤੇ ਹਮਲਾ ਕਰਦਾ ਹੈ ਜਿਸ ਕਾਰਨ ਪੂਰੇ ਸਰੀਰ ਵਿਚ ਲਕਵਾ ਮਾਰ ਜਾਂਦਾ ਹੈ। ਇਹੀ ਨਹੀਂ ਗੰਭੀਰ ਹਾਲਤਾਂ ਵਿਚ ਪੀੜਤ ਦੀ ਮੌਤ ਵੀ ਹੋ ਸਕਦੀ ਹੈ। ਪੋਲੀਓ ਦਾ ਫਿਲਹਾਲ ਕੋਈ ਇਲਾਜ ਨਹੀਂ ਹੈ। ਬੱਚਿਆਂ ਨੂੰ ਇਸ ਗੰਭੀਰ ਬੀਮਾਰੀ ਤੋਂ ਬਚਾਉ ਲਈ ਟੀਕਾਕਰਨ ਹੀ ਸਭ ਤੋਂ ਪ੍ਰਭਾਵੀ ਤਰੀਕਾ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਰੇਕ ਸਾਲ ਟੀਕਾ ਲਗਾਇਆ ਜਾਂਦਾ ਹੈ। 2019 ਵਿਚ ਪਾਕਿਸਤਾਨ ਵਿਚ ਲੋਕਾਂ ਨੇ ਆਪਣੇ ਬੱਚਿਆਂ ਨੂੰ ਇਸ ਦਾ ਟੀਕਾ ਲਗਵਾਉਣ ਤੋਂ ਮਨਾ ਕਰ ਦਿੱਤਾ ਸੀ ਜਿਸ ਦੇ ਬਾਅਦ ਇੱਥੇ ਪੋਲੀਓ ਦੇ ਮਾਮਲੇ ਵਿਚ ਅਚਾਨਕ ਵਾਧਾ ਦਰਜ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪੋਲੀਓ ਨੂੰ ਦੁਨੀਆ ਵਿਚ ਕਾਫੀ ਹਦ ਤੱਕ ਖਤਮ ਕਰ ਦਿੱਤਾ ਗਿਆ ਹੈ ਪਰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਹਾਲੇ ਵੀ ਮਾਮਲੇ ਦਰਜ ਕੀਤੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਨੇ 2014 ਵਿਚ ਪਾਕਿਸਤਾਨ 'ਤੇ ਪੋਲੀਓ ਨਾਲ ਜੁੜੀ ਯਾਤਰਾ ਪਾਬੰਦੀ ਲਗਾਈ ਸੀ। ਉਦੋਂ ਤੋਂ ਵਿਦੇਸ਼ ਯਾਤਰਾ ਕਰਨ ਵਾਲੇ ਹਰੇਕ ਪਾਕਿਸਤਾਨੂ ਨਾਗਰਿਕ ਨੂੰ ਹੋਰ ਜ਼ਰੂਰੀ ਦਸਤਾਵੇਜ਼ਾਂ ਸਮੇਤ ਪੋਲੀਓ ਟੀਕਾਕਰਨ ਦਾ ਸਰਟੀਫਿਕੇਟ ਦਿਖਾਉਣਾ ਪੈਂਦਾ ਹੈ।